ਰੱਖਿਆ ਮੰਤਰਾਲਾ ਨੇ ਫੌਜ ਮੁਖੀ ਦੇ ਦਾਅਵਿਆਂ ਨੂੰ ਨਕਾਰਿਆ
ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਟੋਨੀ ਨੇ ਜ਼ਮੀਨੀ ਫੌਜ ਦੇ ਮੁਖੀ ਵਿਜੇ ਕੁਮਾਰ ਸਿੰਘ ਵਲੋਂ ਉਨ੍ਹਾਂ ਨੂੰ ਕਿਸੇ ਸੌਦਾਗਰ ਕੋਲੋਂ 14 ਕਰੋੜ ਰੁਪਏ ਦੀ ਰਿਸ਼ਵਤ ਦਿੱਤੇ ਜਾਣ ਦੀ ਪੇਸ਼ਕਸ਼ ਦੇ ਮਾਮਲੇ 'ਚ ਸੀ. ਬੀ. ਆਈ. ਵਲੋਂ ਜਾਂਚ ਕਰਵਾਉਣ ਦੇ ਸੋਮਵਾਰ ਹੁਕਮ ਜਾਰੀ ਕੀਤੇ।
ਰੱੱਖਿਆ ਮੰਤਰਾਲਾ ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਐਟੋਨੀ ਨੇ ਜ਼ਮੀਨੀ ਫੌਜ ਦੇ ਮੁਖੀ ਨੂੰ ਰਿਸ਼ਵਤ ਦਿੱਤੇ ਜਾਣ ਦੀ ਪੇਸ਼ਕਸ਼ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਦੋਸ਼ਾਂ ਦੀ ਤਹਿ ਤਕ ਜਾਣ ਲਈ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਜਨਰਲ ਵੀ. ਕੇ. ਸਿੰਘ ਨੇ ਖੁਲਾਸਾ ਕੀਤਾ ਸੀ ਕਿ ਇਕ ਕੰਪਨੀ ਦੇ 600 ਤੋਂ ਵੱਧ ਘਟੀਆ ਵਾਹਨ ਖਰੀਦਣ ਲਈ ਉਨ੍ਹਾਂ ਨੂੰ ਇਕ ਸੌਦਾਗਰ ਨੇ 14 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਜਨਰਲ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਰਿਸ਼ਵਤ ਦੀ ਪੇਸ਼ਕਸ਼ ਦੀ ਜਾਣਕਾਰੀ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੂੰ ਦੇ ਦਿੱਤੀ ਸੀ। ਅੰਗਰੇਜ਼ੀ ਦੀ ਇਕ ਅਖਬਾਰ 'ਦਿ ਹਿੰਦੂ' ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਜਨਰਲ ਵੀ. ਕੇ. ਸਿੰਘ ਨੇ ਕਿਹਾ ਕਿ ਜ਼ਰਾ ਸੋਚੋ ਇਕ ਵਿਅਕਤੀ ਨੇ ਮੇਰੇ ਤਕ ਪਹੁੰਚ ਕਰਕੇ ਕਿਹਾ ਕਿ ਜੇ ਮੈਂ ਵਾਹਨਾਂ ਦੇ ਬੇੜੇ ਦੀ ਖਰੀਦਦਾਰੀ ਪ੍ਰਵਾਨਗੀ ਦੇ ਦਿਆ ਤਾਂ ਉਹ ਮੈਨੂੰ 14 ਕਰੋੜ ਰੁਪਏ ਦੇਵੇਗਾ। ਉਹ ਮੈਨੂੰ ਜ਼ਮੀਨੀ ਫੌਜ ਦੇ ਮੁਖੀ ਹੋਣ ਦੇ ਨਾਤੇ ਰਿਸ਼ਵਤ ਦੇਣ ਦੀ ਗੱਲ ਕਰ ਰਿਹਾ ਸੀ। ਉਸ ਨੇ ਕਿਹਾ ਸੀ ਕਿ ''ਪਹਿਲਾਂ ਵਾਲੇ ਲੋਕਾਂ'' ਨੇ ਪੈਸੇ ਲਏ ਸਨ ਅਤੇ ਅੱਗੋਂ ਵਾਲੇ ਲੋਕ ਪੈਸੇ ਲੈਣਗੇ।
ਜਨਰਲ ਸਿੰਘ ਨੇ ਕਿਹਾ ਕਿ ਜਿਸ ਬੇਸ਼ਰਮੀ ਨਾਲ ਮੈਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ, ਕਾਰਨ ਮੈਂ ਹੈਰਾਨ ਰਹਿ ਗਿਆ। ਮੈਂ ਤਾਂ ਪੂਰੀ ਤਰ੍ਹਾਂ ਸਦਮੇ 'ਚ ਆ ਗਿਆ। ਜੇ ਕੋਈ ਤੁਹਾਡੇ ਕੋਲ ਆਏ ਅਤੇ ਕਹੇ ਕਿ ਤੁਹਾਨੂੰ ਢੇਰ ਸਾਰਾ ਪੈਸਾ ਦਿੱਤਾ ਜਾਵੇਗਾ ਤਾਂ ਤੁਸੀਂ ਕੀ ਕਰੋਗੇ? ਫੌਜ ਦੇ ਮੁਖੀ ਨੇ ਕਿਹਾ ਕਿ ਰਿਸ਼ਵਤ ਦੇਣ ਵਾਲਾ ਵਿਅਕਤੀ ਕੁਝ ਸਮਾਂ ਪਹਿਲਾਂ ਫੌਜ ਤੋਂ ਸੇਵਾਮੁਕਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮਾਮਲੇ ਦੀ ਜਾਣਕਾਰੀ ਉਸੇ ਵੇਲੇ ਰੱਖਿਆ ਮੰਤਰੀ ਏ. ਕੇ. ਐਟੋਨੀ ਨੂੰ ਦਿੱਤੀ। ਮੈਂ ਐਂਟੋਨੀ ਨੂੰ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਅਹੁਦੇ ਦੇ ਯੋਗ ਨਹੀਂ ਹਾਂ ਤਾਂ ਮੈਂ ਚਲਾ ਜਾਵਾਂਗਾ। ਇਹ ਪੁੱਛਣ 'ਤੇ ਕਿ ਇਸ ਦੇਸ਼ ਵਿਚ ਕੋਈ ਵਿਅਕਤੀ ਸਿੱਧਾ ਫੌਜ ਦੇ ਮੁਖੀ ਨੂੰ ਰਿਸ਼ਵਤ ਦੇਣ ਦੀ ਜੁਰਅਤ ਕਿਵੇਂ ਕਰ ਸਕਦਾ ਹੈ ਤਾਂ ਫੌਜ ਦੇ ਮੁਖੀ ਨੇ ਕਿਹਾ ਕਿ ਸਪੱਸ਼ਟ ਹੈ ਕਿ ਕਿਤੇ ਨਾ ਕਿਤੇ ਸਾਡੀ ਸ਼ੁੱਧਤਾ ਅਤੇ ਭਰੋਸੇਯੋਗਤਾ ਦੇ ਪੈਮਾਨੇ ਡੁੱਬ ਗਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮਰ ਦੇ ਵਿਵਾਦ ਦੀਆਂ ਗੁੱਥੀਆਂ ਤੇਜ਼ੀ ਨਾਲ ਖੁਲ੍ਹਦੀਆਂ ਜਾ ਰਹੀਆਂ ਹਨ। ਤੁਹਾਨੂੰ ਜਲਦੀ ਹੀ ਇਸ ਡਰਾਮੇ ਦੇ ਪਿਛੇ ਦੇ ਹੱਥ ਦਾ ਪਤਾ ਲੱਗ ਜਾਏਗਾ। ਤੁਹਾਨੂੰ ਜਲਦੀ ਹੀ ਇਹ ਜਾਣਕਾਰੀ ਮਿਲ ਜਾਏਗੀ ਕਿ ਇਸ ਨਾਟਕ ਦਾ ਸੂਤਰਧਾਰ ਕੌਣ ਸੀ। ਉਨ੍ਹਾਂ ਕਿਹਾ ਕਿ ਮੇਰੀ ਸੇਵਾਮੁਕਤੀ 'ਚ ਅਜੇ 2 ਮਹੀਨੇ ਬਾਕੀ ਹਨ।
ਕੀ ਕਹਿੰਦੇ ਹਨ ਐਂਟੋਨੀ : ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਜਨਰਲ ਸਿੰਘ ਵਲੋਂ ਲਾਏ ਗਏ ਦੋਸ਼ਾਂ ਨੂੰ ਬੇਹੱਦ ਗੰਭੀਰ ਦੱਸਦੇ ਹੋਏ ਕਿਹਾ ਕਿ ਅਸੀਂ ਸਾਰਾ ਮਾਮਲਾ ਵੇਖਾਂਗੇ। ਮੈਂ ਕਦਮ ਚੁੱਕੇ ਹਨ।
ਮੁਰਲੀ ਮਨੋਹਰ ਜੋਸ਼ੀ : ਜਨਰਲ ਸਿੰਘ ਦੇ ਦੋਸ਼ਾਂ 'ਤੇ ਟਿੱਪਣੀ ਕਰਦਿਆਂ ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਰੱਖਿਆ ਮੰਤਰੀ ਅਤੇ ਜ਼ਮੀਨੀ ਫੌਜ ਦੇ ਮੁਖੀ ਦੋਹਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਅੰਬਿਕਾ ਸੋਨੀ : ਸੂਚਨਾ ਅਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਜਦੋਂ ਵੀ ਕੋਈ ਅਧਿਕਾਰੀ ਦੋਸ਼ ਲਾਉਂਦਾ ਹੈ ਤਾਂ ਸਰਕਾਰ ਯਕੀਨੀ ਕਰਦੀ ਹੈ ਕਿ ਮਾਮਲਾ ਸਪੱਸ਼ਟ ਹੋਵੇ। ਜਨਰਲ ਸਿੰਘ ਨੇ ਆਪਣੇ ਬਿਆਨ ਵਿਚ ਬਹੁਤ ਗੰਭੀਰ ਗੱਲ ਕਹੀ ਹੈ ਅਤੇ ਸਭ ਕੁਝ ਸਪੱਸ਼ਟ ਹੋਣਾ ਚਾਹੀਦਾ ਹੈ।
ਇਸ ਦੌਰਾਨ ਰੱਖਿਆ ਮੰਤਰਾਲਾ ਨੇ ਫੌਜ ਲਈ ਖਰੀਦੀਆਂ ਗਈਆਂ 7 ਹਜ਼ਾਰ ਮੋਟਰ ਗੱਡੀਆਂ ਦੀ ਕੁਆਲਿਟੀ ਖਰਾਬ ਹੋਣ ਦੇ ਫੌਜ ਮੁਖੀ ਦੇ ਦਾਅਵਿਆਂ ਨੂੰ ਸੋਮਵਾਰ ਗਲਤ ਕਰਾਰ ਦਿੱਤਾ। ਰੱਖਿਆ ਮੰਤਰਾਲਾ ਵਿਚ ਲੈਂਡ ਸਿਸਟਮ ਮਾਮਲਿਆਂ ਦੇ ਜੁਆਇੰਟ ਸਕੱਤਰ ਰਸ਼ਿਮ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੌਜ ਵਲੋਂ ਅੱਜ ਤੱਕ ਇਨ੍ਹਾਂ ਮੋਟਰ ਗੱਡੀਆਂ ਦੀ ਕੁਆਲਿਟੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ। ਫੌਜ ਮੁਖੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਫੌਜ ਲਈ 7 ਹਜ਼ਾਰ ਟੈਟਰਾ ਟਰੱਕ ਮਹਿੰਗੇ ਭਾਅ ਖਰੀਦੇ ਗਏ ਪਰ ਕਿਸੇ ਨੇ ਵੀ ਸਵਾਲ ਨਹੀਂ ਉਠਾਇਆ।





