ਸਿੱਖ ਨੌਜਵਾਨ ਹਥਿਆਰਬੰਦ ਲੜਾਈ ਤੋਂ ਗੁਰੇਜ਼ ਕਰਨ: ਰਾਜੋਆਣਾ
ਪਟਿਆਲਾ: ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸਿੱਖ ਨੌਜਵਾਨ ਅਤਿਵਾਦੀ ਨਹੀਂ ਹਨ, ਉਹ ਵੀ ਸਿੱਖ ਕੌਮ ਦੇ ਸ਼ਹੀਦ ਹਨ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿਚ ਹਥਿਆਰਬੰਦ ਲੜਾਈ ਤੋਂ ਗੁਰੇਜ਼ ਹੀ ਕੀਤਾ ਜਾਵੇ। ਉਧਰ ਫਾਂਸੀ ਸਬੰਧੀ ਮੁਆਫ਼ੀ ਲਈ ਕੋਈ ਚਾਰਾਜੋਈ ਨਾ ਕਰਨ ਲਈ ਬਜ਼ਿੱਦ ਰਾਜੋਆਣਾ ਦਾ ਕਹਿਣਾ ਹੈ ਕਿ ਉਹ ਫਾਂਸੀ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਮੁਲਾਕਾਤ ਲਈ ਆਈ ਆਪਣੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਹੱਥ ਅੱਜ ਫੇਰ ਬਾਹਰ ਭੇਜੇ ਪੱਤਰ ਵਿਚ ਰਾਜੋਆਣਾ ਨੇ ਇਸ ਗੱਲ ’ਤੇ ਰੋਸ ਜਤਾਇਆ ਕਿ ਕੌਮ ਦੀ ਖਾਤਰ ਆਪਣੀ ਜਿੰਦ ਵਾਰਨ ਵਾਲਿਆਂ ਨੂੰ ਬਾਅਦ ਵਿਚ ਅਤਿਵਾਦੀ ਆਖਿਆ ਜਾਂਦਾ ਹੈ, ਜਦਕਿ ਈਨ ਮੰਨਣ ਵਾਲਿਆਂ ਨੂੰ ਐਵਾਰਡਾਂ ਨਾਲ ਨਿਵਾਜਿਆ ਜਾਂਦਾ ਹੈ।
ਉਸ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਅਤੇ ਦਿੱਲੀ ਦੰਗਿਆਂ ਦੌਰਾਨ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਅਤੇ ਸਿੱਖ ਬੀਬੀਆਂ ਨੂੰ ਅਪਮਾਨਤ ਕਰਨ ਦੀਆਂ ਘਟਨਾਵਾਂ ਤੋਂ ਬਾਅਦ ਵੀ ਜੇਕਰ ਕਿਸੇ ਕੌਮ ਦੇ ਨੌਜਵਾਨ ਹਥਿਆਰ ਨਾ ਚੁੱਕਣ, ਤਾਂ ਫਿਰ ਕੀ ਕੋਈ ਉਨ੍ਹਾਂ ਨੂੰ ਗੈਰਤਮੰਦ, ਅਣਖੀ ਅਤੇ ਦਲੇਰ ਕਹਿਣਾ ਪਸੰਦ ਕਰੇਗਾ? ਰਾਜੋਆਣਾ ਨੇ ਕਿਹਾ ਕਿ ਸਿੱਖ ਕੌਮ ਨਾਲ ਵਾਪਰੀਆਂ ਅਜਿਹੀਆਂ ਘਟਨਾਵਾਂ ਤਹਿਤ ਕੌਮ ਦੀ ਖਾਤਰ ਜਾਨਾਂ ਵਾਰਨ ਵਾਲੇ ਨੌਜਵਾਨਾਂ ਨੂੰ ਗੁੰਮਰਾਹ ਹੋਏ ਨੌਜਵਾਨ ਅਤੇ ਅਤਿਵਾਦੀ ਆਖਿਆ ਜਾਂਦਾ ਹੈ ਜਦਕਿ ਈਨ ਮੰਨ ਕੇ ਜ਼ਾਲਮਾਂ ਅੱਗੇ ਸਿਰ ਝੁਕਾਉਣ ਵਾਲਿਆਂ ਨੂੰ ਫਖਰ -ਏ- ਕੌਮ ਵਰਗੇ ਐਵਾਰਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਸ ਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਕੋਲ ਆਪਣੀ ਜਾਨ ਬਖਸ਼ਣ ਲਈ ਬੇਨਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਹ ਤਾਂ ਬਸ ਹੁਣ 31 ਮਾਰਚ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।





