ਮਮਤਾ ਨੇ ਮਰਿਆਦਾ ਤੋੜੀ—ਕਾਂਗਰਸ
ਨਵੀਂ ਦਿੱਲੀ, ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਚਿਆ ਸਿਆਸੀ ਘਮਸਾਨ ਹੁਣ ਉੱਘਰ ਰੂਪ ਧਾਰਨ ਕਰ ਗਿਆ ਹੈ। ਕਾਂਗਰਸ ਨੇ ਪਹਿਲੀ ਵਾਰ ਇਹ ਸਾਫ ਕਰ ਦਿੱਤਾ ਹੈ ਕਿ ਮਨਮੋਹਨ ਸਿੰਘ 2014 ਤੱਕ ਪ੍ਰਧਾਨ ਮੰਤਰੀ ਹੀ ਰਹਿਣਗੇ। ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਮਮਤਾ ਬੈਨਰਜੀ 'ਤੇ ਮਰਿਆਦਾ ਤੋੜਨ ਦਾ ਦੋਸ਼ ਲਗਾਉਂਦੇ ਹੋਏ ਮਮਤਾ ਅਤੇ ਮੁਲਾਇਮ ਦੁਆਰਾ ਸੁਝਾਏ ਗਏ ਤਿੰਨਾਂ ਨਾਮਾਂ ਨੂੰ ਖਾਰਜ ਕਰ ਦਿੱਤਾ ਹੈ।
ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਿੱਲੀ ਆਉਣ ਤੋਂ ਬਾਅਦ ਸ਼ੁਰੂ ਹੋਇਆ ਘਮਸਾਨ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ। ਕਾਂਗਰਸ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ।
ਦਿਵੇਦੀ ਨੇ ਕਿਹਾ ਕਿ ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਯੂਪੀਏ ਦੀ ਚੇਅਰਪਰਸਨ ਹੋਣ ਨਾਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਸਾਰੇ ਦਲਾਂ ਅਤੇ ਸਹਿਯੋਗੀ ਦਲਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਗੱਲਬਾਤ 'ਚ ਕੋਈ ਨਾਮ ਸਾਹਮਣੇ ਨਹੀਂ ਆਇਆ ਹੈ। ਦਿਵੇਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਕੋਈ ਉਮੀਦਵਾਰ ਤੈਅ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਯੂਪੀਏ ਦਾ ਇਹ ਸਾਫ ਕਹਿਣਾ ਹੈ ਕਿ ਉਹ ਮਨਮੋਹਨ ਸਿੰਘ ਦੀ ਇਸ ਅਹੁਦੇ ਤੋਂ ਵਿਦਾਈ ਬਰਦਾਸ਼ਤ ਨਹੀਂ ਕਰ ਸਕਦੇ।





