ਪਾਕਿ ਤੋਂ ਪਹੁੰਚੀ 55 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਤਿੰਨ ਨਾਮਵਰ ਹੈਰੋਇਨ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਇਕ ਕਿਲੋ ਹੈਰੋਇਨ, 5 ਲੱਖ ਦੀ ਜਾਅਲੀ ਭਾਰਤੀ ਕਰੰਸੀ, ਪਿਸਤੌਲ, 8 ਜ਼ਿੰਦਾ ਕਾਰਤੂਸ ਬਰਾਮਦ ਕਰਨ ਮਗਰੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਟੀਮ ਵਲੋਂ ਬੀ. ਐੱਸ. ਐੱਫ. ਨਾਲ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਕੰਡਿਆਲੀ ਤਾਰ ਨੇੜਿਓਂ ਪਾਕਿ ਵਲੋਂ ਮੰਗਵਾਈ ਗਈ ਹੈਰੋਇਨ ਦੇ 10 ਪੈਕੇਟ ਹੋਰ, 30 ਬੋਰ ਦੇ 30 ਜ਼ਿੰਦਾ ਕਾਰਤੂਸ, ਇਕ ਪਾਕਿਸਤਾਨ ਪੀ. ਸੀ. ਟੀ. ਐੱਲ. ਕੰਪਨੀ ਦਾ ਮੋਬਾਈਲ ਫੋਨ ਤੇ ਸਮੱਗਲਿੰਗ ਲਈ ਵਰਤੀ ਜਾਣ ਲਈ ਸਵਾ ਦੋ ਲੱਖ ਰੁਪਏ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਪ੍ਰੈਸ ਮਿਲਣੀ ਦੌਰਾਨ ਕਾਊਂਟਰ ਇੰਟੈਲੀਜੈਂਸ ਵਿੰਗ ਪੰਜਾਬ ਦੇ ਏ. ਆਈ. ਜੀ. ਐੱਸ. ਬੂਪਥੀ ਆਈ. ਸੀ. ਐੱਸ. ਨੇ ਦੱਸਿਆ ਕਿ ਸਰਹੱਦ ਦੇ ਆਲੇ-ਦੁਆਲੇ ਸਮੱਗਲਿੰਗ ਦੀਆਂ ਗਤੀਵਿਧੀਆਂ 'ਤੇ ਰੋਕ ਲਾਉਣ ਸੰਬੰਧੀ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇੰਸਪੈਕਟਰ ਹਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵਲੋਂ ਰਾਮ ਤੀਰਥ ਰੋਡ ਤੋਂ ਕਾਬੂ ਕੀਤੇ ਗਏ ਹੈਰੋਇਨ ਸਮੱਗਲਰ ਦਿਲਬਾਗ ਸਿੰਘ ਬਾਗਾ ਪੁੱਤਰ ਧਰਮ ਸਿੰਘ ਵਾਸੀ ਕੱਕੜ, ਬਿਕਰਮਜੀਤ ਸਿੰਘ ਬਿੱਕਰ ਪੁੱਤਰ ਦਿਲਬਾਗ ਸਿੰਘ ਵਾਸੀ ਕੱਕੜ ਅਤੇ ਗੁਰਪ੍ਰਤਾਪ ਸਿੰਘ ਪ੍ਰਿੰਸ ਪੁੱਤਰ ਵਿਰਸਾ ਸਿੰਘ ਵਾਸੀ ਬਾਬਾ ਬੁੱਢਾ ਸਿੰਘ ਕਾਲੋਨੀ ਸੰਨ੍ਹ ਸਾਹਿਬ ਰੋਡ ਛੇਹਰਟਾ ਦੀ ਤਲਾਸ਼ੀ ਦੌਰਾਨ ਇਕ ਕਿਲੋ ਹੈਰੋਇਨ, 5 ਲੱਖ ਰੁਪਏ ਦੀ 500 ਦੇ ਨੋਟਾਂ ਵਾਲੀ ਜਾਅਲੀ ਭਾਰਤੀ ਕਰੰਸੀ, ਇਕ 9 ਐੱਮ. ਐੱਮ. ਇਟਲੀ ਦਾ ਬਣਿਆ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਗਏ। ਮੁੱਢਲੀ ਪੁੱਛਗਿਛ ਦਾ ਹਵਾਲਾ ਦਿੰਦਿਆਂ ਏ.ਆਈ.ਜੀ. ਐੱਸ. ਬੂਪਥੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਬਾਰਡਰ ਦੇ ਆਰ-ਪਾਰ ਹੈਰੋਇਨ ਤੇ ਜਾਅਲੀ ਕਰੰਸੀ ਦਾ ਧੰਦਾ ਕਰਦੇ ਆ ਰਹੇ ਹਨ।





