Date:
Feb 05, 2010
ਬਠਿੰਡਾ, 5 ਫਰਵਰੀ (ਸ਼ਰਮਾ)-ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀ ਨਿਗਰਾਨੀ ਹੇਠ ਬਠਿੰਡਾ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿਚ ਆਟਾ-ਦਾਲ ਸਕੀਮ ਅਧੀਨ ਦਿੱਤੀ ਜਾ ਰਹੀ ਸਪਲਾਈ ਦੀ ਜਾਂਚ ਪੜਤਾਲ ਲਈ ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵੱਲੋਂ 30 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਾ ਕੇ ਆਮ ਇਜਲਾਸ ਬੁਲਾਇਆ ਗਿਆ ਅਤੇ ਲੋਕਾਂ ਨੂੰ ਆਟਾ-ਦਾਲ ਸਕੀਮ ਅਧੀਨ ਮਿਲ ਰਹੇ ਰਾਸ਼ਨ ਸਬੰਧੀ ਪੁੱਛ ਪੜਤਾਲ ਕੀਤੀ। ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿਚ ਆਮ ਖਪਤਕਾਰਾਂ ਵੱਲੋਂ ਆਟਾ-ਦਾਲ ਸਕੀਮ ਅਧੀਨ ਮਿਲ ਰਹੀ ਸਪਲਾਈ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ ਗਈ। ਕੁਝ ਪਿੰਡਾਂ ਦੇ ਖਪਤਕਾਰਾਂ ਵੱਲੋਂ ਡਿੱਪੂ ਹੋਲਡਰਾਂ ਵੱਲੋਂ ਦਿੱਤੇ ਜਾ ਰਹੇ ਰਾਸ਼ਨ ਸਹੀ ਨਾ ਮਿਲਣ ਕਾਰਨ ਸ਼ਿਕਾਇਤ ਕੀਤੀ। ਇਸ ਲਈ ਡਿਪਟੀ ਕਮਿਸ਼ਨਰ ਬਠਿੰਡਾ ਦੇ ਆਦੇਸ਼ਾਂ ਅਨੁਸਾਰ ਇਨ੍ਹਾਂ ਪਿੰਡਾਂ ਕਰਮਗੜ੍ਹ ਸਤਰਾਂ, ਬੰਬੀਹਾ, ਗਿੱਲ ਕਲਾਂ, ਜਲਾਲ, ਰਾਮਗੜ੍ਹ ਭੂੰਦੜ ਦੇ ਡਿੱਪੂ ਹੋਲਡਰਾਂ ਦੀ ਸਪਲਾਈ ਤੁਰੰਤ ਮੁਅੱਤਲ ਕਰ ਦਿੱਤੀ ਗਈ ਹੈ ਅਤੇ ਕੁਝ ਪਿੰਡਾਂ ਦੇ ਡਿੱਪੂ ਹੋਲਡਰਾਂ ਨੂੰ ਪੜਤਾਲ ਦੌਰਾਨ ਪਾਈਆਂ ਗਈਆਂ ਤਰੁੱਟੀਆਂ ਕਾਰਨ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿਚ ਭੋਡੀਪੁਰਾ, ਸਿਧਾਣਾ, ਮੰਡੀ ਕਲਾਂ, ਪੂਹਲੀ, ਕਲਿਆਣ ਸੁੱਖਾ, ਫੱਤਾਬਾਲੂ, ਸੰਦੋਹਾ ਅਤੇ ਲਹਿਰੀ ਦੇ ਡਿੱਪੂ ਹੋਲਡਰ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਬਠਿੰਡਾ ਜ਼ਿਲ੍ਹੇ ਵਿਚ 93740 ਖਪਤਕਾਰ ਆਟਾ-ਦਾਲ ਸਕੀਮ ਅਧੀਨ ਮਿਲ ਰਹੇ ਰਾਸ਼ਨ ਦਾ ਲਾਭ ਲੈ ਰਹੇ ਹਨ ਅਤੇ ਸਰਕਾਰ ਵੱਲੋਂ ਇਹ ਸਕੀਮ ਸੁਚੱਜੇ ਢੰਗ ਨਾਲ ਚਲਾਈ ਜਾ ਰਹੀ ਹੈ।