Date:
Feb 05, 2010
ਮਾਨਸਾ, 5 ਫਰਵਰੀ (ਧਾਲੀਵਾਲ)-ਸਥਾਨਕ ਸ਼ਹਿਰੀ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੀ ਵਾਸੀ ਇਕ ਅਜਿਹੀ ਨੌਜਵਾਨ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਿਹਤ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰ ਰਹੀ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਔਰਤ ਹੁਣ ਤੱਕ 500 ਦੇ ਕਰੀਬ ਲੋਕਾਂ ਨਾਲ ਠੱਗੀ ਮਾਰ ਚੁੱਕੀ ਹੈ ਅਤੇ ਠੱਗੀ ਦਾ ਸ਼ਿਕਾਰ ਜ਼ਿਆਦਾ ਔਰਤਾਂ ਹੀ ਹੋਈਆਂ ਹਨ। ਸ: ਸੁਲੱਖਣ ਸਿੰਘ ਇੰਸਪੈਕਟਰ ਸ਼ਹਿਰੀ ਥਾਣਾ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਣੀ ਪਤਨੀ ਰਾਮ ਚੰਦ ਵਾਸੀ ਮਾਨਸਾ ਨੇ ਪੁਲਿਸ ਕੋਲ ਸ਼ਿਕਾਇਕ ਕੀਤੀ ਸੀ ਕਿ ਗੁਰਪ੍ਰੀਤ ਕੌਰ ਪ੍ਰੀਤ ਪਤਨੀ ਜਗਜੀਤ ਸਿੰਘ ਵਾਸੀ ਤਾਮਕੋਟ ਜੋ ਹਸਪਤਾਲ ਵਿਚ ਆਸ਼ਾ ਵਰਕਰ ਲੱਗੀ ਹੋਈ ਹੈ, ਨੇ ਆਪਣਾ ਕੋਈ ਰਿਸ਼ਤੇਦਾਰ ਵੱਡਾ ਅਫ਼ਸਰ ਦੱਸ ਕੇ ਉਸ ਨੂੰ ਸਿਹਤ ਵਿਭਾਗ ਵਿਚ ਨੌਕਰੀ ਦਵਾਉਣ ਬਦਲੇ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਔਰਤ ਸਰਕਾਰੀ ਹਸਪਤਾਲ ਵਿਚ 550 ਪੋਸਟਾਂ ਵੱਖ-ਵੱਖ ਕੇਡਰ ਨਿਕਲਣ ਦਾ ਝਾਂਸਾ ਦੇ ਕੇ ਸਬੰਧਿਤ ਵਿਅਕਤੀ ਤੋਂ ਫਾਰਮ ਭਰਨ ਦਾ 2500 ਰੁਪਏ ਵਸੂਲ ਕਰਦੀ ਸੀ ਅਤੇ ਕੁਝ ਦਿਨਾਂ ਬਾਅਦ ਨੌਕਰੀ ਦੀ ਲਾਲਸਾ ਵਾਲੀਆਂ ਕੁੜੀਆਂ ਨੂੰ ਸਿਹਤ ਵਿਭਾਗ ਦੀ ਵਰਦੀ ਵੀ ਖੁਦ ਵੱਲੋਂ ਦੇ ਦਿੰਦੀ ਸੀ ਅਤੇ ਉਨ੍ਹਾਂ ਦੇ ਸਾਰੇ ਦਸਤਾਵੇਜ ਲੈ ਕੇ ਅਗਾਂਹ ਭੇਜਣ ਦੀ ਗੱਲ ਕਰਦੀ ਸੀ। ਸ਼ਹਿਰੀ ਪੁਲਿਸ ਨੇ ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਮੁਢਲੀ ਪੜਤਾਲ ਕਰਦਿਆਂ ਕਥਿਤ ਦੋਸ਼ਨ ਖਿਲਾਫ਼ ਬੀਤੀ ਸ਼ਾਮ ਧਾਰਾ 420 ਆਈ. ਪੀ. ਸੀ. ਅਧੀਨ ਮੁਕੱਦਮਾ ਦਰਜ਼ ਕਰਕੇ ਇਸ ਚਾਲਬਾਜ ਔਰਤ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਵੱਡਾ ਇੰਕਸਾਫ਼ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਇਹ ਔਰਤ ਕਮਿਸ਼ਨ ’ਤੇ ਕੰਮ ਕਰਦੀ ਸੀ ਜਦਕਿ ਪਰਦੇ ਪਿੱਛੇ ਠੱਗੀ ਮਾਰਨ ਵਾਲੇ ਲੋਕ ਹੋਰ ਦੱਸੀਦੇ ਹਨ।