Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵਧਿਆ ਕਈ ਲੋਕ ਹੋਏ ਘਰੋਂ ਬੇ-ਘਰ

Date: Aug 25, 2010

Report By: SARWAN SINGH
AMRITSAR
ਸ਼ਾਹਕੋਟ, 25 ਅਗਸਤ (Sarwan Singh Randhawa) ਭਾਖੜਾ ਡੈਮ ਵਿੱਚੋਂ ਸਤਲੁਜ ਦਰਿਆ 'ਚ ਛੱਡੇ ਜਾ ਰਹੇ ਪਾਣੀ ਅਤੇ ਭਾਰੀ ਬਰਸਾਤ ਕਾਰਨ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਵਿੱਚ ਬੀਤੀ ਰਾਤ ਤੋਂ ਪਾਣੀ ਦਾ ਪੱਧਰ ਪਹਿਲਾਂ ਨਾਲ ਬਹੁਤ ਜ਼ਿਆਦਾ ਵੱਧ ਗਿਆ ਹੈ । ਜਿਸ ਕਾਰਨ ਬੀਤੀ ਰਾਤ ਤੋਂ ਹੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਨੀਂਦਾਂ ਉੱਡੀਆਂ ਪਈਆਂ ਹਨ । ਤੇਜ਼ ਵਹਾਅ ਨਾਲ ਆ ਰਹੇ ਪਾਣੀ ਵਿੱਚ ਜਗ੍ਹਾ-ਜਗ੍ਹਾ 'ਤੇ ਘੁੰਮਣ ਘੇਰੀਆਂ ਪੈਣ ਕਾਰਨ ਕਈ ਥਾਵਾਂ ਤੋਂ ਬੰਨ੍ਹ ਨੂੰ ਢਾਅ ਲੱਗ ਰਹੀ ਹੈ । ਪਿੰਡ ਦਾਨੇਵਾਲ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਿਆਂ ਹੀ ਉਹ ਦੇਰ ਰਾਤ ਤੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ । ਅੱਜ ਸਵੇਰੇ ਦੇਖਿਆ ਗਿਆ ਕਿ ਪਿੰਡ ਦਾਨੇਵਾਲ, ਬਾਊਪੁਰ, ਰਾਮਪੁਰ, ਥੰਮੂਵਾਲ,ਭੋਇਪੁਰ ਦੇ ਲੋਕ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਸਹਿਮੇ ਹੋਏ ਹਨ । ਪਾਣੀ ਵੱਧਣ ਕਾਰਨ ਕਿਸਾਨਾਂ ਦੀ ਦਰਿਆ ਵਿੱਚ ਪੈਂਦੀ ਸੈਂਕੜੇ ਏਕੜ ਫਸਲਾਂ ਰਾਤੋ-ਰਾਤ ਹੀ ਪਾਣੀ ਵਿੱਚ ਡੁੱਬ ਗਈਆਂ ਅਤੇ ਬੰਨ੍ਹ ਦੇ ਅੰਦਰਲੇ ਪਾਸੇ ਵਸੇ ਘਰਾਂ ਦੇ ਲੋਕ ਵੀ ਬੇਘਰ ਹੋ ਗਏ । ਕਿਉਂਕਿ ਉਨ੍ਹਾਂ ਦੇ ਘਰ ਵੀ ਪਾਣੀ ਦੀ ਚਪੇਟ ਵਿੱਚ ਪੂਰੀ ਤਰ੍ਹਾਂ ਆਏ ਹੋਏ ਹਨ । ਅੱਜ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਐਸ.ਡੀ.ਐਮ. ਜਸਬੀਰ ਸਿੰਘ, ਬੀ.ਡੀ.ਪੀ.ਓ. ਸ਼ਾਹਕੋਟ ਪਿਊਸ ਚੰਦਰ ਨੇ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜਾ ਲਿਆ । ਉਨ੍ਹਾਂ ਦੱਸਿਆ ਕਿ ਡੈਮ ਵਿੱਚੋਂ ਪਾਣੀ ਆਉਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ । ਜਿਸ ਕਾਰਨ ਬੰਨ੍ਹ ਨੂੰ ਢਾਅ ਲੱਗਣ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਕੰਮ ਨੂੰ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ । ਘਰਾਂ ਤੋਂ ਬੇਘਰ ਹੋਏ ਲੋਕ ਇਸ ਸਮੇਂ ਸੜਕਾਂ ਉੱਪਰ ਰਹਿਣ ਲਈ ਮਜ਼ਬੂਰ ਹਨ । ਪ੍ਰਸ਼ਾਸਨ ਵੱਲੋਂ ਇਨ੍ਹਾਂ ਬੇ-ਘਰ ਹੋਏ ਲੋਕਾਂ ਲਈ ਤੰਬੂ ਆਦਿ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ । ਦੂਜੇ ਪਾਸੇ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਸ਼ਾਸਨ ਵੱਲੋਂ ਜਿੰਨ੍ਹਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਬੰਨ੍ਹ 'ਤੇ ਲਗਾਈਆਂ ਗਈਆਂ ਹਨ, ਉਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਤਾਂ ਬੰਦ ਕਰ ਦਿੱਤੀਆਂ ਗਈਆਂ, ਪਰ ਹੈਰਾਨੀ ਦੀ ਗੱਲ ਹੈ ਕਿ ਸਵੇਰ ਤੋਂ ਸ਼ਾਮ ਤੱਕ ਇਹ ਮੁਲਾਜ਼ਮ ਆਪਣੀ ਡਿਊਟੀ ਤਾਂ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ । ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਸਾਰਾ ਦਿਨ ਕੁੱਝ ਵੀ ਖਾਣ ਪੀਣ ਲਈ ਮੁਹੱਈਆ ਨਹੀਂ ਕਰਵਾਇਆ ਜਾਂਦਾ । ਇਸ ਦੇ ਉਲਟ ਉੱਚ ਅਧਿਕਾਰੀ ਇਨ੍ਹਾਂ ਕੋਲੋਂ ਬੈਠੇ-ਬਿਠਾਏ ਕੰਮ ਲੈ ਰਹੇ ਹਨ ਅਤੇ ਆਪ ਦਫ਼ਤਰਾਂ ਵਿੱਚ ਆਰਾਮ ਫਰਮਾ ਰਹੇ ਹਨ । ਇਥੇ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬੰਨ੍ਹ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਹੀ ਇਨ੍ਹਾਂ ਮੁਲਾਜ਼ਮਾਂ 'ਤੇ ਤਰਸ ਖਾ ਕੇ ਸਰਦਾ-ਬਣਦਾ ਰੋਟੀ ਟੁੱਕ ਦੇ ਜਾਂਦੇ ਹਨ ਜਾਂ ਇਨ੍ਹਾਂ ਮੁਲਾਜ਼ਮਾਂ ਨੂੰ ਲੋਕਾਂ ਸਾਹਮਣੇ ਆਪ ਹੱਥ ਅੱਡਣੇ ਪੈ ਰਹੇ ਹਨ । ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਲਈ ਦੁਪਹਿਰ ਦੇ ਖਾਣੇ ਅਤੇ ਚਾਹ-ਪਾਣੀ ਦਾ ਪ੍ਰਬੰਧ ਕਰੇ ਤਾਂ ਕਿ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ।



© 2012 punjabinfoline.com

punjab infoline arash info