ਵਾਰੰਗਲ/27aug/sarwan randhawa:- ਨਿਆਂਪਾਲਿਕਾ ‘ਚ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਆਮ ਹੋ ਜਾਣ ਦੇ ਚੱਲਦਿਆਂ ਹੁਣ ਆਂਧਰਾ ਪ੍ਰਦੇਸ਼ ਦੇ ਪੰਜ ਜੱਜ ਨਕਲ ਮਾਰਦੇ ਰੰਗੇ ਹੱਥੀਂ ਫੜੇ ਗਏ। ਇਹ ਜੱਜ ਕਾਕਾਟਿਆ ਯੂਨੀਵਰਸਿਟੀ, ਵਾਰੰਗਲ ਤੋਂ ਐਲ ਐਲ ਐਮ (ਪਹਿਲਾ ਸਾਲ) ਦੀ ਪ੍ਰੀਖਿਆ ਦੇ ਰਹੇ ਸਨ। ਇਨ੍ਹਾਂ ਜੱਜਾਂ ਕੋਲੋਂ ਨੋਟਿਸ ਬਰਾਮਦ ਹੋਏ ਹਨ। ਨਕਲ ਮਾਰਦਿਆਂ ਫੜੇ ਜਾਣ ਤੋਂ ਬਾਅਦ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਇਨ੍ਹਾਂ ਜੱਜਾਂ ਨੂੰ ਮੁਅੱਤਲ ਕਰਦਿਆਂ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਪ੍ਰਸ਼ਾਸਨ ਤੇ ਯੂਨੀਵਰਸਿਟੀ ਨੇ ਵੀ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਹੈ।
ਰੰਗਾਰੇਡੀ, ਗੁੰਟੂਰ, ਬਾਪਟਲਾ ਅਤੇ ਅਨੰਤਪੁਰ ਜ਼ਿਲ੍ਹਿਆਂ ‘ਚ ਤੈਨਾਤ ਇਨ੍ਹਾਂ ਜੱਜਾਂ ਦੇ ਨਾਂ ਅਜੀਤ ਸਿਮਹਾਰਾਓ, ਐਮ ਕਿਸ਼ਤੱਪਾ, ਪੀ ਵਿਜੇਂਦਰ ਰੈਡੀ, ਐਮ ਸ੍ਰੀਨਿਵਾਸ ਚਾਰੀ ਅਤੇ ਹਨੁਮੰਤ ਰਾਓ ਹਨ। ਇਨ੍ਹਾਂ ਕੋਲੋਂ ਪ੍ਰੀਖਿਆ ਦੌਰਾਨ ਨੋਟਿਸ ਤੇ ਕਿਤਾਬਾਂ ਬਰਾਮਦ ਹੋਈਆਂ ਹਨ, ਹਾਲਾਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਨਕਲ ਨਹੀਂ ਮਾਰ ਰਹੇ ਸਨ ਤੇ ਕਿਤਾਬਾਂ ਬਹੁਤ ਦੂਰ ਪਈਆਂ ਸਨ। ਦੂਜੇ ਪਾਸੇ ਟੀਵੀ ਚੈਨਲਾਂ ‘ਤੇ ਇਨ੍ਹਾਂ ਨੂੰ ਨਕਲ ਕਰਦਿਆਂ ਵਿਖਾਇਆ ਗਿਆ ਹੈ। ਇਨ੍ਹਾਂ ਜੱਜਾਂ ਨੂੰ ਅੰਦਰੂਨੀ ਪ੍ਰੀਖਿਆ ਕੰਟਰੋਲਰ ਤੇ ਇਕ ਵਿਸ਼ੇਸ਼ ਟੀਮ ਨੇ ਫੜਿਆ ਹੈ।

