Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੱਕੀ ਨਾਗਰਿਕਤਾ ਲਈ ਜੂਝ ਰਹੇ ਨੇ ਅਫਗਾਨਿਸਤਾਨ ਤੋਂ ਆਏ ਸਿੱਖ ਪਰਿਵਾਰ

ਅੰਮ੍ਰਿਤਸਰ, 29 ਸਤੰਬਰ, ਸਰਵਨ ਸਿੰਘ ਰੰਧਾਵਾ -ਦੋ ਤੋਂ ਤਿੰਨ ਦਹਾਕੇ ਪਹਿਲਾਂ ਅਫਗਾਨਿਸਤਾਨ ਵਿਚ ਹਾਲਾਤਾ ਖਰਾਬ ਹੋਣ ਕਾਰਨ ਆਪਣਾ ਵਸਿਆ-ਵਸਾਇਆ ਘਰ ਤੇ ਕਾਰੋਬਾਰ ਛੱਡ ਕੇ ਭਾਰਤ ਵਿਚ ਆਪਣਿਆਂ ਕੋਲ ਆਏ ਅਫਗਾਨੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਜੇ ਵੀ ਇਥੇ ਪੱਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਜਦੋ-ਜਹਿਦ ਕਰਨੀ ਪੈ ਰਹੀ ਹੈ। ਇਸ ਦੇ ਸਿੱਟੇ ਵਜੋਂ ਉਹ ਆਪਣਿਆਂ 'ਚ ਹੁੰਦੇ ਹੋਏ ਵੀ ਬੇਗਾਨਿਆਂ ਵਾਂਗ ਰਹਿਣ ਲਈ ਮਜਬੂਰ ਹਨ।ਅਫਗਾਨਿਸਤਾਨ ਵਿਚ ਤਾਲਿਬਾਨ ਦਾ ਪ੍ਰਭਾਵ ਵਧਣ ਤੋਂ ਪਹਿਲਾਂ ਉਥੇ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਗਿਣਤੀ 60 ਹਜ਼ਾਰ ਦੇ ਲਗਪਗ ਸੀ। ਪਰ ਇਸ ਵੇਲੇ ਸਿਰਫ ਤਿੰਨ ਹਜ਼ਾਰ ਸਿੱਖ ਹੀ ਰਹਿ ਗਏ ਹਨ। 1980 ਤੋਂ ਬਾਅਦ ਲਗਾਤਾਰ ਹਾਲਾਤ ਖਰਾਬ ਹੋਣ ਕਾਰਨ ਅਫਗਾਨ ਦੇ ਸਿੱਖ ਭਾਈਚਾਰੇ ਨੇ ਉਥੇ ਆਪਣਾ ਵਸਿਆ-ਵਸਾਇਆ ਘਰ ਤੇ ਕਾਰੋਬਾਰ ਛੱਡਣਾ ਸ਼ੁਰੂ ਕਰ ਦਿੱਤਾ ਸੀ। 20 ਤੋਂ 25 ਹਜ਼ਾਰ ਸਿੱਖ ਇੱਥੇ ਭਾਰਤ ਆ ਗਏ ਸਨ ਜੋ ਇਸ ਵੇਲੇ ਦਿੱਲੀ ਅਤੇ ਨੇੜਲੇ ਇਲਾਕਿਆਂ ਵਿਚ ਰਹਿ ਰਹੇ ਹਨ। ਇਸੇ ਤਰਾਂ ਕਈ ਸਿੱਖ ਪਰਿਵਾਰ ਇੰਗਲੈਂਡ, ਜਰਮਨੀ, ਕੈਨੇਡਾ ਅਤੇ ਹੋਰ ਮੁਲਕਾਂ ਵਿਚ ਚਲੇ ਗਏ ਜੋ ਹੁਣ ਉਥੋਂ ਦੇ ਪੱਕੇ ਵਸਨੀਕ ਬਣ ਚੁੱਕੇ ਹਨ। ਪ੍ਰੰਤੂ ਭਾਰਤ ਵਿਚ ਆਏ ਅਫਗਾਨੀ ਸਿੱਖ ਪਰਿਵਾਰਾਂ ਵਿਚੋਂ ਸਿਰਫ ਪੰਜ ਫੀਸਦੀ ਨੂੰ ਹੀ ਭਾਰਤੀ ਨਾਗਰਿਕਤਾ ਮਿਲੀ ਹੈ ਜਦੋਂ ਕਿ ਬਾਕੀ ਪਰਿਵਾਰ ਅੱਜ ਵੀ ਭਾਰਤੀ ਨਾਗਰਿਕ ਬਣਨ ਲਈ ਯਤਨ ਕਰ ਰਹੇ ਹਨ।ਅਫਗਾਨ ਹਿੰਦੂ-ਸਿੱਖ ਵੈਲਫੇਅਰ ਸੁਸਾਇਟੀ ਦਿੱਲੀ ਦੇ ਪ੍ਰਧਾਨ ਖਜਿੰਦਰ ਸਿੰਘ, ਜੋ ਇਥੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਹੋਏ ਹਨ, ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਦਾ ਜਨਮ ਭਾਵੇਂ ਅੰਮ੍ਰਿਤਸਰ ਵਿਚ ਹੋਇਆ ਪਰ ਉਨਾਂ ਦੇ ਬਜ਼ੁਰਗ ਅਫਗਾਨਿਸਤਾਨ ਦੇ ਰਹਿਣ ਵਾਲੇ ਹਨ। ਉਸ ਦੇ ਪਿਤਾ ਮੋਹਰ ਸਿੰਘ ਕਾਬੁਲ ਵਿਚ ਵਪਾਰੀ ਸਨ ਅਤੇ ਚਾਚਾ ਜੈ ਸਿੰਘ ਉਥੋਂ ਦੇ ਸੰਸਦ ਮੈਂਬਰ ਸਨ। 1969 ਵਿਚ ਉਹ ਅਜਿਹੇ ਪਹਿਲੇ ਸਿੱਖ ਸਨ ਜਿਨਾਂ ਨੂੰ ਅਫਗਾਨਿਸਤਾਨ ਦੀ ਸੰਸਦ ਦਾ ਮੈਂਬਰ ਚੁਣਿਆ ਗਿਆ ਸੀ। ਇਸ ਮੁਸਲਿਮ ਦੇਸ਼ ਵਿਚ ਸਿੱਖਾਂ ਨੂੰ ਆਪਣਾ ਧਰਮ ਮੰਨਣ ਦੀ ਪੂਰੀ ਆਜ਼ਾਦੀ ਰਹੀ ਹੈ। ਖਜਿੰਦਰ ਸਿੰਘ ਖੁਦ ਵੀ ਅਮਰੀਕੀ ਸਫ਼ਾਰਤਖਾਨੇ ਵਿਚ ਸੁਪਰਵਾਈਜ਼ਰ ਦੇ ਅਹੁਦੇ 'ਤੇ ਸਨ ਅਤੇ ਉਨਾਂ 1974 ਤੋਂ 1980 ਤਕ 6 ਸਾਲ ਅਮਰੀਕੀ ਸਫ਼ਾਰਤਖਾਨੇ ਵਿਚ ਨੌਕਰੀ ਕੀਤੀ। ਉਨਾਂ ਦੱਸਿਆ ਕਿ ਜਦੋਂ 1980 ਵਿਚ ਉੱਥੇ ਖਾਨਾਜੰਗੀ ਸ਼ੁਰੂ ਹੋਈ ਤਾਂ ਮੁਜ਼ਾਹਿਦੀਨ ਨੇ ਲੁੱਟ-ਖਸੁੱਟ ਸ਼ੁਰੂ ਕਰ ਦਿੱਤੀ। ਵਪਾਰੀਆਂ ਤੇ ਹੋਰਨਾਂ ਨੂੰ ਅਗਵਾ ਕਰਨਾ ਅਤੇ ਫਿਰੌਤੀਆਂ ਵਸੂਲ ਕਰਨਾ ਆਮ ਹੋ ਗਿਆ। ਹਾਲਾਤ ਬਦਤਰ ਹੁੰਦਿਆਂ ਦੇਖ ਉਹ ਆਪਣੇ ਪਰਿਵਾਰਾਂ ਸਮੇਤ ਦੇਸ਼ ਛੱਡ ਕੇ ਦਿੱਲੀ ਆ ਗਏ। ਉਨਾਂ ਵਾਂਗ ਹੀ ਹੋਰ ਅਫਗਾਨੀ ਸਿੱਖ ਪਰਿਵਾਰ ਵੀ ਇਥੇ ਆ ਗਏ ਪਰ ਹੁਣ ਤਕ ਕਿਸੇ ਵੀ ਸਰਕਾਰ ਨੇ ਉਨਾਂ ਦੀ ਬਾਂਹ ਨਹੀਂ ਫੜੀ ਅਤੇ ਦਿੱਲੀ ਵਿਚ ਵਧੇਰੇ ਵੀਜ਼ੇ ਦੀ ਮਿਆਦ ਹਰ ਸਾਲ ਵਧਾ ਕੇ ਇਥੇ ਰਹਿ ਰਹੇ ਹਨ। ਉਨਾਂ ਨੇ ਦੱਸਿਆ ਕਿ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਸਹਿਯੋਗ ਨਾਲ ਹੁਣ ਵੀਜ਼ੇ ਦੀ ਮਿਆਦ ਇਕ ਸਾਲ ਦੀ ਥਾਂ ਦੋ ਸਾਲ ਹੋ ਗਈ। ਉਨਾਂ ਦੱਸਿਆ ਕਿ ਪੱਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਨਿਰਧਾਰਤ ਨਿਯਮ ਮੁਤਾਬਕ ਵਧੇਰੇ ਅਫਗਾਨੀ ਸਿੱਖ ਪਰਿਵਾਰਾਂ ਨੂੰ 12 ਸਾਲ ਤੋਂ ਵਧੇਰੇ ਸਮਾਂ ਇੱਥੇ ਰਹਿੰਦਿਆਂ ਹੋ ਚੁੱਕਾ ਹੈ ਪਰ ਪੱਕੀ ਨਾਗਰਿਕਤਾ ਪ੍ਰਾਪਤ ਹੋਣਾ ਅਜੇ ਵੀ ਦੂਰ ਦੀ ਗੱਲ ਹੈ। ਉਨਾਂ ਦੱਸਿਆ ਕਿ 'ਸਿਟੀਜ਼ਨਸ਼ਿਪ ਐਕਟ-1956' ਤਹਿਤ ਨਾਗਰਿਕਤਾ ਲੈਣ ਲਈ ਬੇਨਤੀ ਪੱਤਰ ਨਾਲ ਲੋੜੀਂਦੀ ਫੀਸ ਦਾ ਖਰਚਾ ਪ੍ਰਤੀ ਵਿਅਕਤੀ 30 ਤੋਂ 35 ਹਜ਼ਾਰ ਰੁਪਏ ਹੈ। ਇਸ ਤਰਾਂ ਇਕ ਪਰਿਵਾਰ ਲਈ ਇਹ ਫੀਸ ਇਕ ਲੱਖ ਰੁਪਏ ਤੋਂ ਵਧੇਰੇ ਹੋ ਜਾਂਦੀ ਹੈ ਜੋ ਕਿ ਗਰੀਬ ਅਫਗਾਨੀ ਸਿੱਖ ਪਰਿਵਾਰਾਂ ਲਈ ਤਾਰਨੀ ਬਹੁਤ ਮੁਸ਼ਕਿਲ ਹੈ।ਐਸੋਸੀਏਸ਼ਨ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਫੀਸ ਦੀ ਰਕਮ ਘੱਟ ਕੀਤੀ ਜਾਵੇ ਅਤੇ ਸ਼ਰਤਾਂ ਪੂਰੀਆਂ ਕਰਦੇ ਪਰਿਵਾਰਾਂ ਨੂੰ ਪੱਕੀ ਨਾਗਰਿਕਤਾ ਦਿੱਤੀ ਜਾਵੇ।20 ਤੋਂ 25 ਹਜ਼ਾਰ ਦੀ ਗਿਣਤੀ ਵਿਚ ਦਿੱਲੀ ਵਿਖੇ ਰਹਿ ਰਹੇ ਇਹ ਅਫਗਾਨੀ ਪਰਿਵਾਰਾਂ ਵਿਚੋਂ ਕਈਆਂ ਨੇ ਇਥੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਹਨ ਅਤੇ ਕਈ ਨੌਕਰੀਆਂ ਕਰ ਰਹੇ ਹਨ। ਦਿੱਲੀ 'ਚ ਹੀ ਉਨਾਂ ਨੇ 7 ਗੁਰਦੁਆਰੇ ਵੀ ਸਥਾਪਤ ਕਰ ਲਏ ਹਨ। ਅੰਮ੍ਰਿਤਸਰ ਵਿਚ ਅਫਗਾਨੀ ਸਿੱਖ ਭਾਈਚਾਰੇ ਦੀਆਂ ਆਪਣੀਆਂ ਦੋ ਸਰਾਵਾਂ ਵੀ ਹਨ। ਜਿਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਣ ਸਮੇਂ ਠਹਿਰਾਅ ਕਰਦੇ ਹਨ। ਦਿੱਲੀ ਸਥਿਤ ਗੁਰਦੁਆਰਾ ਹਰਿ ਰਾਏ ਸਾਹਿਬ ਵਿਖੇ ਮੈਡੀਕਲ ਸੈਂਟਰ ਵੀ ਖੋਲਿਆ ਗਿਆ ਹੈ ਅਤੇ ਸਾਰੇ ਗੁਰਦੁਆਰਿਆਂ ਵਿਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਅਤੇ ਕੀਰਤਨ ਸਿਖਾਉਣ ਲਈ ਕਲਾਸਾਂ ਲੱਗ ਰਹੀਆਂ ਹਨ।ਵਧੇਰੇ ਅਫਗਾਨੀ ਸਿੱਖ ਗੁਰਸਿੱਖ ਪਰਿਵਾਰ ਹਨ। ਇਨਾਂ ਦੇ ਬੱਚੇ ਇਥੇ ਪੰਜਾਬੀਆਂ 'ਚ ਪੂਰੀ ਤਰਾਂ ਰਚ-ਮਿਚ ਗਏ ਹਨ ਅਤੇ ਇਹ ਹੁਣ ਇਥੇ ਰਿਸ਼ਤੇਦਾਰੀਆਂ ਵੀ ਬਣਾਉਣ ਲੱਗੇ ਪਏ ਹਨ। ਪੰਜਾਬੀ-ਫਾਰਸੀ ਦੇ ਸੁਮੇਲ ਦੀ ਥਾਂ ਹੁਣ ਇਹ ਪੰਜਾਬੀ-ਅੰਗਰੇਜ਼ੀ ਰਲੀ ਜ਼ੁਬਾਨ ਬੋਲਦੇ ਹਨ। ਇਨਾਂ ਦੇ ਪਹਿਰਾਵੇ ਤੇ ਭਾਸ਼ਾ ਭਾਵੇਂ ਬਦਲ ਗਈ ਪਰ ਬੋਲਚਾਲ ਦੌਰਾਨ ਅਫਗਾਨੀ ਹੋਣ ਦਾ ਸਾਫ ਪਤਾ ਲੱਗ ਜਾਂਦਾ ਹੈ। ਅਫਗਾਨਿਸਤਾਨ ਦੇ ਹਾਲਾਤ ਹੁਣ ਕੁਝ ਠੀਕ ਹੋਣ ਦੇ ਬਾਵਜੂਦ ਇਹ ਸਾਰੇ ਹੁਣ ਭਾਰਤ ਵਿਚ ਹੀ ਰਹਿਣਾ ਚਾਹੁੰਦੇ ਹਨ।


© 2013 punjabinfoline.com

punjab infoline arash info