Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਨੀਸ਼ ਤਿਵਾੜੀ ਨੇ ਹਜ਼ਾਰੇ ਤੋਂ ਲਿਖ਼ਤੀ ਮੁਆਫ਼ੀ ਮੰਗੀ

ਨਵੀਂ ਦਿੱਲੀ,ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਦੌਰਾਨ ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਂਗਰਸੀ ਸੰਸਦ ਮੈਂਬਰ ਤੇ ਪਾਰਟੀ ਬੁਲਾਰੇ ਮਨੀਸ਼ ਤਿਵਾੜੀ ਨੇ ਅੱਜ ਲਿਖ਼ਤੀ ਮੁਆਫ਼ੀ ਮੰਗ ਲਈ ਹੈ। ਕਾਂਗਰਸੀ ਆਗੂ ਨੇ ਆਪਣੇ ਬਿਆਨ ‘ਚ ਕਿਹਾ ਕਿ ਹਜ਼ਾਰੇ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਉਨ੍ਹਾਂ ਨੂੰ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ਲੰਘੀ 8 ਸਤੰਬਰ ਨੂੰ ਸ੍ਰੀ ਹਜ਼ਾਰੇ ਦੇ ਵਕੀਲ ਮਿਲਿੰਦ ਪਵਾਰ ਨੇ ਤਿਵਾੜੀ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਸੀ। ਇਸ ਨੋਟਿਸ ਦੇ ਜਵਾਬ ਵਿਚ ਉਨ੍ਹਾਂ ਇਹ ਮੁਆਫ਼ੀ ਮੰਗੀ ਹੈ। ਹਜ਼ਾਰੇ ਨੂੰ ਭੇਜੇ ਲਿਖ਼ਤੀ ਸੰਦੇਸ਼ ‘ਚ ਤਿਵਾੜੀ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ 25 ਅਗਸਤ ਨੂੰ ਜ਼ੁਬਾਨੀ ਮੁਆਫ਼ੀ ਮੰਗ ਚੁੱਕੇ ਹਨ ਅਤੇ ਹੁਣ ਇਸ ਸਬੰਧ ‘ਚ ਲਿਖ਼ਤੀ ਮੁਆਫ਼ੀ ਮੰਗਦੇ ਹਨ।
ਸ੍ਰੀ ਹਜ਼ਾਰੇ ਨੂੰ ਲਿਖੇ ਪੱਤਰ ‘ਚ ਤਿਵਾੜੀ ਨੇ ਕਿਹਾ ਕਿ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣਾ ਤੇ ਉਨ੍ਹਾਂ ਦਾ ਸਨਮਾਨ ਕਰਨ ‘ਚ ਮੈਂ ਕੁਝ ਵੀ ਗ਼ਲਤ ਨਹੀਂ ਮੰਨਦਾ। ਮੈਂ ਗੰਭੀਰਤਾ ਨਾਲ ਅਫ਼ਸੋਸ ਪ੍ਰਗਟ ਕਰਦਾ ਹਾਂ। ਮਾਮਲੇ ਨੂੰ ਅੱਗੇ ਨਾ ਖਿੱਚਣ ਦੀ ਗੱਲ ਕਹਿੰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਮੈਂ ਕੋਈ ਕਾਨੂੰਨੀ ਜਵਾਬ ਨਹੀਂ ਦੇਣਾ ਚਾਹੁੰਦਾ ਤੇ ਮੈਨੂੰ ਉਮੀਦ ਹੈ ਕਿ ਲਿਖ਼ਤੀ ਮੁਆਫ਼ੀ ਮੰਗਣ ਤੋਂ ਬਾਅਦ ਇਹ ਮਾਮਲਾ ਖ਼ਤਮ ਹੋ ਜਾਵੇਗਾ। ਤਿਵਾੜੀ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਸ੍ਰੀ ਹਜ਼ਾਰੇ ਨੇ ਵੀ ਨਰਮਦਿਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਹੁਣ ਸ੍ਰੀ ਹਜ਼ਾਰੇ ਨੇ ਮਾਮਲਾ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਹੈ। ਦੱਸਣਾ ਬਣਦਾ ਹੈ ਕਿ ਸ੍ਰੀ ਹਜ਼ਾਰੇ ਵੱਲੋਂ 16 ਅਗਸਤ ਨੂੰ ਭ੍ਰਿਸ਼ਟਾਚਾਰ ਵਿਰੋਧੀ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸੱਤਿਆਗ੍ਰਹਿ ਦੌਰਾਨ ਹੀ ਤਿਵਾੜੀ ਨੇ ਅੰਨਾ ਹਜ਼ਾਰੇ ਨੂੰ ਉਪਰ ਤੋਂ ਲੈ ਕੇ ਹੇਠਾਂ ਤੱਕ ਭ੍ਰਿਸ਼ਟਾਚਾਰ ‘ਚ ਲਿਪਤ ਹੋਇਆ ਦੱਸਿਆ ਸੀ।

Last 20 Storys


© 2013 punjabinfoline.com

punjab infoline arash info