ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ 'ਚ ਭੂਚਾਲ
Date: Nov 08, 2011
ਸ਼੍ਰੀਨਗਰ/ਨਵੀਂ ਦਿੱਲੀ, ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਸੋਮਵਾਰ ਸ਼ਾਮ ਲਗਭਗ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਸ਼ਮੀਰ ਵਾਦੀ ਵਿਚ ਇਨ੍ਹਾਂ ਝਟਕਿਆਂ ਦਾ ਅਸਰ ਤੇਜ਼ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਰਫਤਾਰ 5.5 ਦੱਸੀ ਗਈ ਹੈ। ਜੰਮੂ ਖੇਤਰ ਦੇ ਪੁੰਛ ਤੇ ਰਾਜੌਰੀ ਵਿਚ ਇਹ ਰਫਤਾਰ 3.8 ਸੀ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੀਆਂ ਹਿੰਦੂਕੁਸ਼ ਪਹਾੜੀਆਂ ਅਤੇ ਪਾਕਿਸਤਾਨ ਵਿਚ ਚਿਤਰਾਲ ਦਾ ਖੇਤਰ ਸੀ। ਪਾਕਿਸਤਾਨ ਵਿਚ ਭੂਚਾਲ ਦੇ ਝਟਕੇ 5 ਸੈਕਿੰਡ ਤਕ ਆਉਂਦੇ ਰਹੇ। ਇਥੇ ਸੋਮਵਾਰ ਰਾਤ ਤਕ ਪੰਜ ਵਿਅਕਤੀਆਂ ਦੇ ਮਰਨ ਦੀ ਖਬਰ ਸੀ। ਜੰਮੂ-ਕਸ਼ਮੀਰ ਤੋਂ ਜਾਨ-ਮਾਲ ਦੀ ਕੋਈ ਖਬਰ ਨਹੀਂ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਚੰਬਾ ਤੇ ਡਲਹੌਜ਼ੀ ਤੋਂ ਵੀ ਭੂਚਾਲ ਦੀਆਂ ਖਬਰਾਂ ਹਨ। ਜੰਮੂ-ਕਸ਼ਮੀਰ ਵਿਚ ਈਦ-ਉਲ-ਜੁਹਾ ਦਾ ਤਿਉਹਾਰ ਹੋਣ ਕਾਰਨ ਲੋਕ ਇਸ ਨੂੰ ਮਨਾਉਣ ਵਿਚ ਰੁੱਝੇ ਹੋਏ ਸਨ ਕਿ ਅਚਾਨਕ ਹੀ ਸ਼ਾਮ 5.30 ਵਜੇ ਮਕਾਨ ਹਿੱਲਣ ਲੱਗੇ, ਲੋਕ ਡਰ ਕਾਰਨ ਘਰਾਂ ਵਿਚੋਂ ਬਾਹਰ ਨਿਕਲ ਆਏ।





