ਇੰਟਰਨੈਸ਼ਨਲ ਪੰਥਕ ਦਲ ਦੀ ਸਲਾਨਾ ਪੰਥਕ ਕਨਵੈਨਸ਼ਨ ਸਮੈਦਿਕ, ਬ੍ਰਮਿੰਘਮ (ਇੰਗਲੈਂਡ) ਵਿਖੇ ਹੋਈ ਚੜਦੀਕਲਾ ਨਾਲ ਸਮਾਪਤ। ਦੇਸ਼ ਭਰ ਦੀਆਂ ਸਿੱਖ ਸੰਗਤਾਂ ਨੇ ਭਰੀ ਹਾਜ਼ਰੀ।

Date: 25 September 2018
GURJANT SINGH, BATHINDA
ਤਲਵੰਡੀ ਸਾਬੋ/ਬਠਿੰਡਾ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਅਧੀਨ ਪੰਥਕ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾ ਰਹੀ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੀ ਸਲਾਨਾ ਪੰਥਕ ਕਨਵੈਨਸ਼ਨ ਚ੍ਹੜਦੀਕਲਾ ਸਹਿਤ ਸੰਪੰਨ ਹੋਈ। ਇਸ ਸਬੰਧੀ ਜਥੇਬੰਦੀ ਦੇ ਜਲੰਧਰ ਸਥਿਤ ਮੁੱਖ ਦਫਤਰ ਤੋਂ ਪ੍ਰੈੱਸ ਨੋਟ ਜਾਰੀ ਕਰਕੇ ਜਥੇਬੰਦੀ ਦੇ ਧਾਰਮਿਕ ਵਿੰਗ ਦੇ ਆਗੂ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੰਟਰਨੈਸ਼ਨਲ ਪੰਥਕ ਦਲ ਯੂ.ਕੇ. ਵੱਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਇੰਟਰਨੈਸ਼ਨਲ ਪੰਥਕ ਦਲ ਦਾ ਆਰੰਭਿਕ ਨਾਮ 1984 ਵੇਲੇ) ਦੀ 34ਵੀਂ ਵਰ੍ਹੇਗੰਢ ਦੀ ਖੁਸ਼ੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਪਿਛਲੇ 40 ਦਿਨਾਂ ਤੋਂ ਰੋਜ਼ਾਨਾ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ, ਬ੍ਰਮਿੰਘਮ (ਇੰਗਲੈਂਡ) ਵਿਖੇ ਲਗਾਤਾਰ ਸਜਾਏ ਗਏ।ਜਿਸ ਦੌਰਾਨ ਯੂ.ਕੇ ਵਿੱਚ ਜਥੇਬੰਦੀ ਵੱਲੋਂ ਧਰਮ ਪ੍ਰਚਾਰ ਦੀ ਨਿਸ਼ਕਾਮ ਸੇਵਾ ਨਿਭਾਅ ਰਹੇ ਬਾਬਾ ਬਘੇਲ ਸਿੰਘ ਬ੍ਰਮਿੰਘਮ ਨੇ ਰੋਜ਼ਾਨਾ ਕਥਾ ਅਤੇ ਹੋਰ ਰਾਗੀ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ, ਜਿਨ੍ਹਾਂ ਦੇ ਭੋਗ ਉਪਰੰਤ ਸਲਾਨਾ ਪੰਥਕ ਕਨਵੈਨਸ਼ਨ ਵਿੱਚ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ, ਬ੍ਰਮਿੰਘਮ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ/ਇਲਾਕਿਆਂ ਵਿਚ ਸੇਵਾ ਨਿਭਾਅ ਰਹੇ ਸਮੂਹ ਆਗੂਆਂ, ਮੈਂਬਰ ਸਾਹਿਬਾਨ ਅਤੇ ਬੇਅੰਤ ਸਿੱਖ ਸੰਗਤਾਂ ਨੇ ਬੜੇ ਉਤਸ਼ਾਹ ਸਹਿਤ ਹਾਜ਼ਰੀਆਂ ਭਰੀਆਂ।ਇਸ ਮੌਕੇ ਯੂ.ਕੇ. ਦੇ ਜੰਮਪਲ ਸਿੱਖ ਬੱਚਿਆਂ ਦੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥੇ ਏ. ਐੱਸ.ਏ. ਖ਼ਾਲਸਾ ਨੇ ਗੁਰ-ਇਤਿਹਾਸ ਅਤੇ ਜੋਸ਼ੀਲੀਆਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਬਾਬਾ ਬਘੇਲ ਸਿੰਘ ਬ੍ਰਮਿੰਘਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼, ਸੰਪੂਰਨਤਾ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਤਾਗੱਦੀ ਤੇ ਅਸਥਾਪਨ ਕਰਨ ਦਾ ਇਤਿਹਾਸ ਸੰਗਤਾਂ ਨੂੰ ਸ੍ਰਵਣ ਕਰਵਾਇਆ।ਭਾਈ ਨਛੱਤਰ ਸਿੰਘ ਦੇ ਰਾਗੀ ਜੱਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੇ ਆਡੀਉ ਸੁਨੇਹੇ ਰਾਹੀਂ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਧਾਰੀ ਛਕਣ, ਗੁਰਬਾਣੀ ਲੜ ਲੱਗ ਕੇ, ਵਹਿਮਾਂ-ਭਰਮਾਂ ਦਾ ਤਿਆਗ ਕਰਦਿਆਂ ਖ਼ਾਲਸਾ ਪੰਥ ਦੀ ਸੇਵਾ ਵਿੱਚ ਚੜ੍ਹਦੀਕਲਾ ਨਾਲ ਤਤਪਰ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਨਵਾਂ ਰੂਪ ਹੈ, ਜਿਸਨੂੰ 1984 ਵੇਲੇ ਮੇਰੇ ਵੱਲੋਂ ਸੰਗਤਾਂ ਦੇ ਸਹਿਯੋਗ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਪ੍ਰੇਰਨਾ ਸਦਕਾ ਸਥਾਪਿਤ ਕੀਤਾ ਗਿਆ।ਇਸ ਜਥੇਬੰਦੀ ਦੇ ਪ੍ਰਬੰਧ ਵਿੱਚ ਕੁੱਝ ਤਬਦੀਲੀ ਤੋਂ ਬਾਅਦ ਜਥੇਬੰਦੀ ਨਾਲ ਜੁੜੇ ਪੁਰਾਣੇ ਸਿੰਘਾਂ ਨੇ ਇੰਟਰਨੈਸ਼ਨਲ ਪੰਥਕ ਦਲ ਦੇ ਨਾਮ ਨਾਲ ਹੁਣ ਦੁਬਾਰਾ ਸੇਵਾ ਸ਼ੁਰੂ ਕੀਤੀ ਹੈ। ਇਸ ਜਥੇਬੰਦੀ ਦਾ ਸੰਗਤਾਂ ਪੂਰਨ ਤੌਰ ਤੇ ਸਹਿਯੋਗ ਦੇਣ ਤਾਂ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਹੋਰ ਚੜ੍ਹਦੀਕਲਾ ਵਾਲੇ ਸਿੰਘਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਸਿੰਘ ਸਾਹਿਬ ਜੀ ਨੇ ਪੰਥ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਭਾਵੇਂ ਕੋਈ ਵੀ ਹੋਣ ਉਨ੍ਹਾਂ ਨੂੰ ਇਸ ਦੁਸ਼ਕਰਮ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਪਰ ਸਰਕਾਰਾਂ ਇਸ ਅਤਿ ਗੰਭੀਰ ਮੁੱਦੇ ਨੂੰ ਹੱਲ ਕਰਨ ਦੀ ਬਜਾਇ ਕਮਿਸ਼ਨ-ਦਰ-ਕਮਿਸ਼ਨ ਬਣਾ ਕੇ ਹੋਰ ਗੁੰਝਲਦਾਰ ਬਣਾਉਂਦੀਆਂ ਆ ਰਹੀਆਂ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਆਪਸੀ ਮਿਲਵਰਤਣ ਅਤੇ ਇੱਕ ਦੂਜੇ ਦੇ ਸਹਿਯੋਗੀ ਬਣ ਕੇ ਇਨਸਾਫ ਲੈਣ ਅਤੇ ਪੰਥ ਦੀ ਚੜ੍ਹਦੀਕਲਾ ਲਈ ਉਪਰਾਲੇ ਕਰਨ। ਕੌਮਾਂਤਰੀ ਚੀਫ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਢਾਡੀ ਨੇ ਸਟੇਜ ਤੋਂ ਬੋਲ ਕੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਦੀ ਸਹਿਮਤੀ ਦਾ ਹਵਾਲਾ ਦੇਂਦਿਆਂ ਪਿਛਲੇ ਸਾਲਾਂ ਦੌਰਾਨ ਸੇਵਾ ਨਿਭਾਉਂਦੇ ਆ ਰਹੇ ਜਥੇਬੰਦੀ ਦੇ ਸਿੰਘਾਂ ਨੂੰ ਸੰਗਤ ਦੀ ਮੌਜੂਦਗੀ ਅੰਦਰ ਜਥੇਬੰਦੀ ਦੀਆਂ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ, ਜਿਨ੍ਹਾਂ ਵਿੱਚ ਭਾਈ ਰਘਵੀਰ ਸਿੰਘ ਮਾਲੜੀ ਨੋਟਿੰਘਮ ਚੀਫ ਆਰਗੇਨਾਈਜ਼ਰ ਯੂ.ਕੇ, ਭਾਈ ਰਘਵੀਰ ਸਿੰਘ ਵਾਲਸਾਲ ਪ੍ਰਧਾਨ ਯੂ.ਕੇ, ਭਾਈ ਕਪਤਾਨ ਸਿੰਘ ਵੁਲਵਰਹੈਂਪਟਨ ਸੀਨੀਅਰ ਮੀਤ-ਪ੍ਰਧਾਨ ਅਤੇ ਮੁੱਖ ਬੁਲਾਰਾ, ਭਾਈ ਮਨਜਿੰਦਰ ਸਿੰਘ ਕਵੈਂਟਰੀ ਮੀਤ-ਪ੍ਰਧਾਨ, ਸੀਨੀਅਰ ਮੀਤ ਸਕੱਤਰ ਭਾਈ ਰਘਵੀਰ ਸਿੰਘ ਬੀਰ੍ਹਾ ਬ੍ਰਮਿੰਘਮ, ਮੀਤ ਸਕੱਤਰ ਭਾਈ ਕੁਲਦੀਪ ਸਿੰਘ ਵੁਲਵਰਹੈਂਪਟਨ, ਭਾਈ ਜਸਪਾਲ ਸਿੰਘ ਲੈਸਟਰ ਖਜ਼ਾਨਚੀ, ਭਾਈ ਅਪਿੰਦਰਪਾਲ ਸਿੰਘ ਹੈਪੀ ਮੀਤ ਖਜ਼ਾਨਚੀ, ਬਾਬਾ ਬਘੇਲ ਸਿੰਘ ਧਾਰਮਿਕ ਵਿੰਗ ਜਥੇਦਾਰ ਯੂ.ਕੇ, ਮੀਡੀਆ ਸਕੱਤਰ ਭਾਈ ਸੰਤੋਖ ਸਿੰਘ ਕਵੈਂਟਰੀ ਅਤੇ ਕੌਮਾਂਤਰੀ ਚੀਫ ਆਰਗੇਨਾਈਜ਼ਰ ਵਜੋਂ ਭਾਈ ਪਰਮਜੀਤ ਸਿੰਘ ਢਾਡੀ ਨੂੰ ਸੇਵਾ ਸੌਂਪੀ ਗਈ। ਇਸੇ ਤਰ੍ਹਾਂ ਮਿਡਲੈਂਡ ਆਰਗੇਨਾਈਜ਼ਰ ਭਾਈ ਰੇਸ਼ਮ ਸਿੰਘ ਜਗਪਾਲ ਬ੍ਰਮਿੰਘਮ, ਨਾਰਥ ਆਰਗੇਨਾਈਜ਼ਰ ਭਾਈ ਚਰਨਜੀਤ ਸਿੰਘ ਡਰਬੀ, ਸਾਊਥ ਆਰਗੇਨਾਈਜ਼ਰ ਭਾਈ ਬਲਵੀਰ ਸਿੰਘ ਰੰਧਾਵਾ ਅਤੇ ਸਲਾਹਕਾਰ ਕਮੇਟੀ ਵਜੋਂ ਭਾਈ ਧੰਨਾ ਸਿੰਘ ਬੈਡਫੋਰਡ, ਭਾਈ ਅਮਰੀਕ ਸਿੰਘ ਤੂਰ ਡਰਬੀ, ਭਾਈ ਬਲਬੀਰ ਸਿੰਘ ਸੋਹਲ ਹਡਰਜ਼ਫੀਲਡ, ਭਾਈ ਮਹਿੰਗਾ ਸਿੰਘ ਸ਼ਹਿਫੀਲਡ, ਭਾਈ ਮੋਹਣ ਸਿੰਘ ਕਵੈਂਟਰੀ ਦੀ ਸੇਵਾ ਲਗਾਈ ਗਈ। ਪ੍ਰਧਾਨ ਭਾਈ ਰਘਵੀਰ ਸਿੰਘ ਵਾਲਸਾਲ ਨੇ ਸੰਗਤਾਂ ਨੂੰ ਜਥੇਬੰਦੀ ਵੱਲੋਂ ਦੇਸ਼-ਵਿਦੇਸ਼ ਵਿੱਚ ਚੱਲ ਰਹੀਆਂ ਪੰਥਕ ਸੇਵਾਵਾਂ ਵਿੱਚ ਵਧ-ਚੜ੍ਹ ਕੇ ਸਹਿਯੋਗ ਦੇਣ ਲਈ ਬੇਨਤੀ ਕੀਤੀ। ਉਨ੍ਹਾਂ ਵਿਸ਼ੇਸ਼ ਕਰ ਕੇ ਨੌਜਵਾਨ ਵਰਗ ਨੂੰ ਸਿੱਖੀ ਸੇਵਾ ਲਈ ਤਿਆਰ-ਬਰ-ਤਿਆਰ ਹੋਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਸਮੂਹ ਪੰਥਕ ਜਥੇਬੰਦੀਆਂ ਜੋ ਆਪੋ-ਆਪਣੇ ਤਰੀਕੇ ਨਾਲ ਕੌਮੀ ਸੰਘਰਸ਼ ਕਰ ਰਹੀਆਂ ਹਨ, ਸਭ ਨੂੰ ਨਿੱਜੀ ਹਉਮੈ ਤਿਆਗ ਕੇ ਇੱਕ ਦੂਜੇ ਦੇ ਸਹਿਯੋਗੀ ਬਣਨਾ ਚਾਹੀਦਾ ਹੈ। ਭਾਈ ਕਪਤਾਨ ਸਿੰਘ ਵੁਲਵਰਹੈਂਪਟਨ ਨੇ ਜਥੇਬੰਦੀ ਵੱਲੋਂ ਪਿਛਲੇ ਵਰ੍ਹੇ ਦੌਰਾਨ ਸੰਗਤਾਂ ਦੇ ਸਹਿਯੋਗ ਨਾਲ ਨਿਭਾਈਆਂ ਗਈਆਂ ਸੇਵਾਵਾਂ ਪੰਥਕ ਸ਼ਹੀਦ ਪਰਿਵਾਰਾਂ ਦੀ ਮਦਦ, ਧਰਮ ਪ੍ਰਚਾਰ ਗਤੀਵਿਧੀਆਂ, ਜੇਲ੍ਹਾਂ ਵਿਚਲੇ ਸਿੱਖ ਕੈਦੀਆਂ ਦੀ ਪੈਰਵਾਈ, ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਆਦਿ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਸਬੰਧੀ ਚਾਨਣਾ ਪਾਇਆ। ਉਨ੍ਹਾਂ ਪੰਥਕ ਕਾਰਜਾਂ ਲਈ ਸਮੂਹ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਸਿਧਾਂਤਕ ਏਕਤਾ ਲਈ ਵੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਯੂ.ਕੇ ਦੇ ਆਗੂ ਭਾਈ ਮਨਵੀਰ ਸਿੰਘ ਮੰਨਾ ਨੇ ਗੁਰਬਾਣੀ ਦੇ ਅਦਬ ਸਤਿਕਾਰ ਲਈ ਚੱਲ ਰਹੀਆਂ ਸੇਵਾਵਾਂ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਹੋਰਨਾਂ ਸੰਗਤਾਂ ਨੂੰ ਵੀ ਕੌਮੀ ਸੇਵਾ ਵਿੱਚ ਤਤਪਰ ਸੰਸਥਾਵਾਂ ਦਾ ਸਾਥ ਦੇਣ ਲਈ ਪ੍ਰੇਰਨਾ ਕੀਤੀ।

ਸਮਾਗਮ ਦੀ ਸਮਾਪਤੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਇਸ ਸਾਰੇ ਸਮਾਗਮ ਦੇ ਸਿੱਧੇ ਪ੍ਰਸਾਰਣ ਦੀ ਸੇਵਾ ਕਰਨ ਲਈ ਭਾਈ ਅਮਰਿੰਦਰ ਸਿੰਘ, ਆਵਾਜ਼ਿ-ਕੌਮ ਟੀਵੀ ਅਤੇ ਰੋਜ਼ਾਨਾ ਸਮਾਗਮਾਂ ਦੀ ਸਪਾਂਸ਼ਰ ਸੇਵਾ ਕਰਨ ਵਾਲੇ ਪਰਿਵਾਰਾਂ ਸਮੇਤ ਸਮੁੱਚੀਆਂ ਹਾਜ਼ਰ ਅਤੇ ਸਹਿਯੋਗੀ ਸੰਗਤਾਂ ਦਾ ਧੰਨਵਾਦ ਬਾਬਾ ਬਘੇਲ ਸਿੰਘ ਨੇ ਕੀਤਾ।ਇਸ ਮੌਕੇ ਭਾਈ ਅਮਰਦੀਪ ਸਿੰਘ ਜੋ ਲੰਗਰਾਂ ਦੀ ਸੇਵਾ ਵਿਚ ਪਿਛਲੇ ਲੰਬੇ ਸਮੇਂ ਤੋਂ ਤਤਪਰ ਹਨ, ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਪੰਥਕ ਕਵੀਸ਼ਰੀ ਜਥਾ ਵੈਡਨਸਫੀਲਡ, ਬੀਬੀ ਬਲਵਿੰਦਰ ਕੌਰ ਸਿੱਖ ਕੌਂਸਲ ਯੂ.ਕੇ, ਭਾਈ ਨਰਿੰਦਰ ਸਿੰਘ ਪੁਰਤਗਾਲ ਆਦਿ ਬੁਲਾਰਿਆਂ ਸਮੇਤ ਪੂਰੇ ਇੰਗਲੈਂਡ ਭਰ 'ਚੋਂ ਇੰਟਰਨੈਸ਼ਨਲ ਪੰਥਕ ਦਲ ਦੇ ਮੈਂਬਰਾਂ ਨੇ ਹਾਜ਼ਰੀ ਭਰੀ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com