ਔਰਤ

Date: 25 January 2021
Amrish Kumar Anand, Doraha
ਮੂੰਹ ਧੋਂਦੀ ਤੋ ਚਾਹ ਉਬਲ ਜਾਂਦੀ

ਪੋਚਾ ਲਾਉਂਦੀ ਤੋਂ ਗੰਦੇ ਪੈਰ ਧਰ ਜਾਂਦਾ,

ਰੋਟੀ ਖਾਂਦੀ ਤੋਂ ਪਾਣੀ ਮੰਗ ਲੈਂਦਾ

ਭੋਜਨ ਛੱਕ ਕੇ ਆਖ ਦਿੰਦਾ

ਦਾਲ 'ਚ ਲੂਣ ਘੱਟ ਸੀ,

ਮੈਂ ਜਾਣਦਾ ਕਿ ਔਰਤ ਜਾਣਦੀ ਆ

ਆਦਮੀ ਸ਼ੁਕਰੀਆ ਨਹੀਂ ਬੋਲਦਾ

ਸੁੱਤੀ ਨਾ ਸੁੱਤੀ ਇਕ ਬਰਾਬਰ

ਜਦ ਅੱਖ ਲੱਗਦੀ ਬਿੱਲੀ ਭਾਂਡਿਆਂ 'ਚ ਮੂੰਹ ਪਾ ਲੈਂਦੀ

ਕੰਨ ਖੜਕੇ ਦਾ ਪਿੱਛੇ ਕਰਦੇ ਅਚਨਚੇਤ ਰਸੋਈ 'ਚ ਲੈ ਵੜਦੇ

ਖਾਬਾਂ ਅੰਦਰ ਚਮਚੇ ਕੜਛੀਆਂ ਧੋਵੀ ਮੂੰਗੀ ਮਾਹਾਂ ਦੀ ਦਾਲ

ਪਿਆਜ ਭੁੰਨਦੀ ਤੋਂ ਚੜਦੀ ਨੱਕ ਨੂੰ ਮਹਿਕ

ਤਿੰਨ ਡੰਗ ਦੀ ਰੋਟੀ

ਜ਼ਿੰਦਗੀ ਦੇ ਅਹਿਮ ਵਰੇ ਚੁਰਾ ਕੇ ਲੈ ਜਾਂਦੀ

ਰਸੋਈ ਤੇ ਔਰਤ ਭੈਣਾਂ ਘੱਟ ਮਹਿਬੂਬ ਵੱਧ ਜਾਪਦੀਆਂ

ਔਰਤ ਖਹਿੜਾ ਛੜਾਵੇ ਰਸੋਈ ਛੱਡਦੀ ਨਹੀਂ

ਔਰਤ ਨੇ ਆਦਮੀ ਨੂੰ ਚਾਹਿਆ

ਉਸਨੇ ਤੋਹਫੇ 'ਚ ਰਸੋਈ ਦੇ ਦਿੱਤੀ

ਆਦਮੀ ਦੀ ਫਿਤਰਤ ਹੈ

ਜੂਠੀ ਔਰਤ ਪਸੰਦ ਨਹੀਂ ਕਰਦਾ

ਔਰਤ ਜੂਠੇ ਭਾਂਡੇ ਮਾਂਜਦੀ ਸੁੱਚੇ ਕਰਦੀ ਰਹਿੰਦੀ

ਸੁੱਚੇ ਭਾਂਡੇ 'ਚ ਖਾ ਕੇ ਗੰਦ ਵਕਣ ਵਾਲਾ

ਮੈਨੂੰ ਦੁਨੀਆਂ ਦੀ ਘਟੀਆ ਸ਼ੈਅ ਲੱਗਦਾ

ਇਹਨੂੰ ਕਹਿੰਦੇ ਨੇ ਖਾ ਕੇ ਹਾਰਾਮ ਕਰਨਾ

ਵੇਲਣਾ ਝਾੜੂ ਦਿਨ ਚੜਦੇ ਨੂੰ ਤੁਹਾਡੇ ਹੱਥ 'ਚ ਹੋਵੇ

ਤੁਸੀਂ ਆਖ ਦਓਗੇ ਮੈਂ ਤੇਰੇ ਬਾਪ ਦਾ ਨੌਕਰ ਨਹੀਂ

ਔਰਤ ਨਿਰੰਤਰ ਕੰਮ ਕਰਕੇ

ਦੋ ਤਿੰਨ ਸੂਟਾਂ ਨਾਲ ਹੀ ਮਨਾ ਲਈ ਜਾਂਦੀ

ਸੂਟਾਂ ਤੋਂ ਛੁੱਟ ਆਦਮੀ ਦਿੰਦਾ ਵੀ ਕਿਆ

ਰੁੱਖੇ ਬੋਲ ਜਾਂ ਗੰਦੀਆਂ ਗਾਲਾਂ

ਤੁਸੀਂ ਆਖੋਗੇ ਤਾਜ ਮਹੱਲ ਔਰਤ ਲਈ ਬਣਾਇਆ

ਬਣਾਇਆ ਹੈ

ਪਰ ਮਰਨੇ ਤੋਂ ਬਾਅਦ

ਮੈਂ ਸਮਝਦਾ ਸ਼ਮਸ਼ਾਨ ਬੰਦੇ ਲਈ ਬਣੇ ਨੇ

ਔਰਤ ਲਈ ਨਹੀਂ

ਉਸਨੂੰ ਉਥੇ ਦਫਨ ਕਰਨਾ ਚਾਹੀਦਾ

ਜਿਥੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਹੋਵੇ

ਰਸੋਈ ਚੋ ਬਾਹਰ ਕੱਢਣਾ ਤੌਹੀਨ ਹੋਵੇਗੀ

ਹਾਂ ਸੱਚ , ਔਰਤ ਤੌਹੀਨ ਦੀ ਗਲ ਗੌਲਦੀ ਹੀ ਕਿਥੇ ਆ।

ਦੀਪੀ ਮਾਂਗਟ

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com