ਭੋਗ 'ਤੇ ਵਿਸ਼ੇਸ਼: ਸਵ: ਮਿੱਠੂ ਸਿੰਘ ਚੱਠਾ

Date: 13 July 2022
TARSEM SINGH BUTTER, BATHINDA
ਘਲੇ ਆਵਹਿ ਨਾਨਕਾ ਸਦੇ ਉੱਠੀ ਜਾਹ॥

ਗੁਰਬਾਣੀ ਦੇ ਮਹਾਂਵਾਕ ਅਨੁਸਾਰ ਮਿੱਠ-ਬੋਲੜੇ, ਮਿਲਣਸਾਰ ਅਤੇ ਨਰਮ ਦਿਲ ਇਨਸਾਨ ਸ:ਮਿੱਠੂ ਸਿੰਘ ਚੱਠਾ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ 04/07/2022 ਨੂੰ ਰੁਖ਼ਸਤ ਹੋ ਗਏ ਹਨ।

ਆਪ ਦਾ ਜਨਮ 18/10/1953 ਨੂੰ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਚੱਠੇਵਾਲ਼ਾ(ਬਠਿੰਡਾ ) ਵਿਖੇ ਪਿਤਾ ਸ:ਜੱਗਰ ਸਿੰਘ ਚੱਠਾ ਅਤੇ ਮਾਤਾ ਭਗਵਾਨ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ ।ਆਪ ਪੰਜ ਭਰਾਵਾਂ ਅਤੇ ਇੱਕ ਭੈਣ 'ਚੋਂ ਜਨਮ ਪੱਖੋਂ ਤਿੰਨਾਂ ਤੋਂ ਛੋਟੇ ਅਤੇ ਦੋ ਤੋਂ ਵੱਡੇ ਸਨ।ਨਿੱਕੇ ਕਦਮਾਂ ਨਾਲ਼ ਤੁਰ ਕੇ ਸ:ਮਿੱਠੂ ਸਿੰਘ ਚੱਠਾ ਨੇ ਮੁਢਲੀ ਵਿੱਦਿਆ ਆਪਣੇ ਜੱਦੀ ਪਿੰਡ ਦੇ ਸਕੂਲ ਤੋਂ ਹਾਸਿਲ ਕੀਤੀ ਅਤੇ ਦਸਵੀਂ ਤੱਕ ਦੀ ਤਾਲੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫੱਤਾ ਤੋਂ ਪ੍ਰਾਪਤ ਕੀਤੀ।

ਜਵਾਨੀ ਵੇਲ਼ੇ ਅਤਿਅੰਤ ਸੁਨੱਖੇ ਅਤੇ ਫੁਰਤੀਲੇ ਚੱਠਾ ਸਾਹਿਬ ਨੇ ਕੁਝ ਸਮਾਂ ਖੇਤੀ ਕੀਤੀ,ਪੋਲਟਰੀ ਦਾ ਕਿੱਤਾ ਕੀਤਾ,ਖੇਤੀਬਾੜੀ ਵਿਭਾਗ ਵਿੱਚ ਸੇਵਾ ਨਿਭਾਈ ਅਤੇ ਬਠਿੰਡਾ ਵਿਖੇ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਵੀ ਕੀਤਾ।

ਹਰੇਕ ਮਹਿਫਲ ਦੀ ਸ਼ਾਨ ਅਤੇ ਰੰਗੀਲੇ ਇਨਸਾਨ ਸ:ਮਿੱਠੂ ਸਿੰਘ ਚੱਠਾ ਨੇ ਆਪਣੇ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ 0 5/07/1976 'ਚ ਕੀਤੀ।ਪਿੰਡ ਸੱਦਾ ਸਿੰਘ ਵਾਲ਼ਾ(ਮਾਨਸਾ) ਦੇ ਸ: ਮੱਲ ਸਿੰਘ ਚਹਿਲ ਅਤੇ ਸਰਦਾਰਨੀ ਗੁਰਨਾਮ ਕੌਰ ਦੀ ਲਾਡਲੀ ਅਤੇ ਹੋਣਹਾਰ ਧੀ ਜਸਵੀਰ ਕੌਰ ਨਾਲ਼ ਗੁਰ ਮਰਯਾਦਾ ਅਨੁਸਾਰ ਵਿਆਹ ਹੋਇਆ ।ਇਸ ਜੋੜੇ ਦੇ ਘਰ ਬੇਟੇ ਗੁਰਪ੍ਰੀਤ ਸਿੰਘ ਤੇ ਬੇਟੀ ਪਰਮਜੀਤ ਕੌਰ ਨੇ ਜਨਮ ਲਿਆ । ਚੱਠਾ ਪਰਿਵਾਰ ਲਈ ਪਿਆਰੇ ਸਪੁੱਤਰ ਗੁਰਪ੍ਰੀਤ ਸਿੰਘ ਦਾ ਸਾਲ 1989 'ਚ ਬੇਵਕਤ ਅਕਾਲ ਚਲਾਣਾ ਕਰ ਜਾਣਾ ਅਸਹਿ ਅਤੇ ਅਕਹਿ ਸੀ ਪਰ ਫਿਰ ਵੀ ਇਸ ਸੰਵੇਦਨਸ਼ੀਲ ਹਾਲਤਾਂ 'ਚੋਂ ਉਹਨਾਂ ਉੱਭਰ ਕੇ ਬੇਟੀ ਪਰਮਜੀਤ ਕੌਰ ਨੂੰ ਪੁੱਤਾਂ ਵਾਂਗ ਪਾਲ਼ਿਆ ਅਤੇ ਐੱਮ.ਏ.ਅੰਗਰੇਜ਼ੀ ਅਤੇ ਬੀ.ਐੱਡ. ਤੱਕ ਦੀ ਵਿੱਦਿਆ ਹਾਸਿਲ ਕਰਵਾਈ। ਬੇਟੀ ਦਾ ਵਿਆਹ ਪੜ੍ਹੇ-ਲਿਖੇ, ਸੁਹਿਰਦ ਅਤੇ ਪੰਜਾਬ ਪੁਲਿਸ 'ਚ ਤਾਇਨਾਤ ਸ: ਜਸਪਾਲ ਸਿੰਘ ਸਿੱਧੂ ਸਪੁੱਤਰ ਸ:ਮਹਿੰਦਰ ਸਿੰਘ ਸਿੱਧੂ ਵਾਸੀ ਬੰਗੀ ਕਲਾਂ (ਬਠਿੰਡਾ )ਨਾਲ਼ ਹੋਇਆ ,ਜੋ ਕਿ ਮੌਜੂਦਾ ਸਮੇਂ ਐੱਸ.ਐੱਸ.ਪੀ.ਦਫ਼ਤਰ ਬਠਿੰਡਾ ਵਿਖੇ ਆਪਣੀਆਂ ਮੁੱਲਵਾਨ ਸੇਵਾਵਾਂ ਨਿਭਾ ਰਹੇ ਹਨ।ਇਸ ਸਮੇਂ ਪਰਮਜੀਤ ਕੌਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਵਿਖੇ ਬਤੌਰ ਅਧਿਆਪਕਾ ਕਾਰਜਸ਼ੀਲ ਹਨ।ਆਪਣੇ ਨਾਨਾ ਜੀ ਨਾਲ਼ ਅਥਾਹ ਦਿਲੀ ਮੋਹ ਰੱਖਣ ਵਾਲ਼ਾ ਦੋਹਤਾ ਅਵੀਰਾਜ਼ਪ੍ਰੀਤ ਸਿੰਘ ਸਿੱਧੂ ਵਿਦਿਆਰਥੀ ਜੀਵਨ 'ਚ ਵਿਚਰ ਰਿਹਾ ਹੈ। ਮਖੌਲੀ ਤੇ ਖੁੱਲ੍ਹੇ ਸੁਭਾਅ ਦੇ ਮਾਲਕ

ਸ:ਮਿੱਠੂ ਸਿੰਘ ਚੱਠਾ ਜੀ 'ਤੇ ਕੋਈ ਸਮਾਂ ਸੀ,ਜਦੋਂ ਉਹ ਕੁੜਤੇ-ਚਾਦਰੇ , ਤੁਰਲੇ ਵਾਲ਼ੀ ਪੱਗ ਅਤੇ ਨੋਕਾਂ ਵਾਲ਼ੀ ਜੁੱਤੀ ਪਹਿਨ ਹਰੇਕ ਦਾ ਧਿਆਨ ਖਿੱਚਦੇ ਸਨ । ਰਿਸ਼ਤੇਦਾਰਾਂ ਅਤੇ ਲੋਕਾਈ ਦੇ ਦੁੱਖ-ਸੁੱਖ ਵਿੱਚ ਜ਼ਿੰਮੇਵਾਰੀ ਨਾਲ਼ ਸੇਵਾ ਨਿਭਾਉਣਾ ਉਹਨਾਂ ਦੀ ਸ਼ਖ਼ਸੀਅਤ ਦਾ ਅਹਿਮ ਗੁਣ ਸੀ ।ਬਠਿੰਡਾ ਸ਼ਹਿਰ 'ਚ ਸਥਾਈ ਤੌਰ 'ਤੇ ਵਸ ਕੇ ਚੱਠਾ ਜੀ ਨੇ ਗੁਰੂ ਕੀ ਨਗਰੀ ਵਾਸੀਆਂ ਨਾਲ਼ ਹਮੇਸ਼ਾ ਆਪਸੀ ਨੇੜਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖੀ ਅਤੇ ਆਪਣੀ ਜਨਮ ਭੂਮੀ ਚੱਠੇਵਾਲ਼ਾ ਨਾਲ਼ ਵੀ ਦਿਲ ਦੀ ਗਹਿਰਾਈ 'ਚੋੰ ਜੁੜੇ ਰਹੇ।

ਜੇਕਰ ਧਾਰਮਿਕ ਜੀਵਨ ਦੀ ਗੱਲ ਕਰੀਏ ਤਾਂ ਰੋਜ਼ਾਨਾ ਪਾਠ ਕਰਨਾ,ਗੁਰੂ ਘਰ ਨਤਮਸਤਕ ਹੋਣਾ,ਹਰੇਕ ਮਹੀਨੇ ਖ਼ੁਦ ਸਹਿਜ ਪਾਠ ਪ੍ਰਕਾਸ਼ ਕਰ ਕੇ ਭੋਗ ਪਾਉਣਾ,ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਨੀ, ਉਹਨਾਂ ਦੀ ਜੀਵਨ-ਸ਼ੈਲੀ ਦਾ ਮਹੱਤਵਪੂਰਨ ਹਿੱਸਾ ਰਿਹਾ।

ਆਪ ਨੇ ਜੀਵਨ 'ਚ ਦਿਲ ਦੇ ਰੋਗ ਅਤੇ ਕਰੋਨਾ ਤੋਂ ਗ੍ਰਸਤ ਹੋਣ 'ਤੇ ਪਰਮਾਤਮਾ ਦੀ ਮਿਹਰ ,ਪਰਿਵਾਰਕ ਸਹਿਯੋਗ ਅਤੇ ਆਪਣੇ ਦ੍ਰਿੜ ਹੌਸਲੇ ਨਾਲ਼ ਮੌਤ ਨੂੰ ਮਾਤ ਦਿੱਤੀ।ਅਪ੍ਰੈਲ 2022 'ਚ ਆਪ ਨੂੰ ਕੈੰਸਰ ਦੀ ਨਾ ਮੁਰਾਦ ਬਿਮਾਰੀ ਨੇ ਆ ਘੇਰਿਆ।ਡਾਕਟਰਾਂ ਅਤੇ ਪਰਿਵਾਰ ਦੇ ਬੇਅੰਤ ਯਤਨਾਂ ਦੇ ਬਾਵਜੂਦ ਵੀ ਆਪ ਬੀਤੀ 4 ਜੁਲਾਈ ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ।ਆਪ ਜੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਜੀਵਨ ਪ੍ਰਕਾਸ਼ ,ਫੇਸ 1, ਬਠਿੰਡਾ ਵਿਖੇ ਮਿਤੀ 14/07/2022(ਵੀਰਵਾਰ)ਨੂੰ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਹੋਵੇਗੀ ,ਜਿੱਥੇ ਰਿਸ਼ਤੇਦਾਰ,ਸਕੇ-ਸਬੰਧੀ ,ਧਾਰਮਿਕ,ਰਾਜਸੀ,ਕਲਾ,ਸਮਾਜ- ਸੇਵਾ ਅਤੇ ਮੁਲਾਜ਼ਮ ਵਰਗ ਨਾਲ਼ ਜੁੜੀਆਂ ਹਸਤੀਆਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੀਆਂ

ਤਰਸੇਮ ਸਿੰਘ ਬੁੱਟਰ

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com