ਅੰਮ੍ਰਿਤਸਰ ’ਚ ‘ਆਪ’ ਆਗੂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ, ਦੋਸਤ ਗੰਭੀਰ ਜ਼ਖ਼ਮੀ
ਅੰਮ੍ਰਿਤਸਰ ਦੇ ਪਿੰਡ ਝੀਤੇ ਕਲਾਂ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਕਾਰਜ ਸਿੰਘ ਦੇ ਭਰਾ ਤੀਰਥ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਰਾਤ ਗੁਰਦੁਆਰਾ ਸਾਹਿਬ ਨੇੜੇ ਵਾਪਰੀ ਇਸ ਵਾਰਦਾਤ ਦੌਰਾਨ ਤੀਰਥ ਸਿੰਘ ਦਾ ਦੋਸਤ ਰਣਜੀਤ ਸਿੰਘ ਵੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਹਮਲਾਵਰਾਂ ਨੇ ਦੋਵਾਂ ਨੂੰ ਘੇਰ ਕੇ 7 ਤੋਂ 8 ਰਾਊਂਡ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲੀਸ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦਿਹਾਤੀ ਪੁਲੀਸ ਅਧੀਨ ਆਉਂਦੇ ਥਾਣਾ ਚਾਟੀਵਿੰਡ ਦੇ ਪਿੰਡ ਝੀਤੇ ਕਲਾਂ ਵਿੱਚ ਵਾਪਰੀ। ਤੀਰਥ ਸਿੰਘ ਅਤੇ ਰਣਜੀਤ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ, ਜਦੋਂ ਹਮਲਾਵਰਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਘੇਰ ਲਿਆ।
ਹਸਪਤਾਲ ਵਿੱਚ ਤੀਰਥ ਸਿੰਘ ਨੂੰ ਮ੍ਰਿਤਕ ਐਲਾਨਿਆ
ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਤੀਰਥ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ, ਜ਼ਖ਼ਮੀ ਰਣਜੀਤ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦਾ ਭਰਾ ਕਾਰਜ ਸਿੰਘ ਬਲਾਕ ਸੰਮਤੀ ਮੈਂਬਰ ਹੈ, ਜਦਕਿ ਉਸ ਦੀ ਮਾਤਾ ਪਿੰਡ ਦੀ ਆਮ ਆਦਮੀ ਪਾਰਟੀ ਦੀ ਸਰਪੰਚ ਹੈ।
ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਦੇ ਹੀ ਗੁਰਦਿੱਤ ਸਿੰਘ, ਹਰਕੀਰਤ ਸਿੰਘ, ਗੁਰਜੰਟ ਸਿੰਘ ਅਤੇ ਗੋਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਚਾਟੀਵਿੰਡ ਦੀ ਪੁਲੀਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰਜ ਸਿੰਘ ਦੇ ਪਰਿਵਾਰ ਨਾਲ ਪੁਰਾਣੀ ਦੁਸ਼ਮਣੀ
ਮਿਲੀ ਜਾਣਕਾਰੀ ਅਨੁਸਾਰ, ਮੁੱਖ ਮੁਲਜ਼ਮ ਗੁਰਦਿੱਤ ਸਿੰਘ ਦੀ ਕਾਰਜ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਪੁਰਾਣੀ ਦੁਸ਼ਮਣੀ ਸੀ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਝੜਪਾਂ ਹੋ ਚੁੱਕੀਆਂ ਸਨ, ਪਰ ਪਿੰਡ ਵਾਸੀਆਂ ਨੇ ਦਖ਼ਲ ਦੇ ਕੇ ਉਨ੍ਹਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਸੀ।
ਸੋਮਵਾਰ ਰਾਤ ਮੁਲਜ਼ਮਾਂ ਨੇ ਤੀਰਥ ਸਿੰਘ ਅਤੇ ਰਣਜੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਨੇੜੇ ਰੋਕ ਲਿਆ। ਉੱਥੇ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ, ਜੋ ਬਾਅਦ ਵਿੱਚ ਹੱਥੋਪਾਈ ਤੱਕ ਪਹੁੰਚ ਗਈ। ਇਸੇ ਦੌਰਾਨ ਗੁਰਦਿੱਤ ਸਿੰਘ ਦੇ ਹੋਰ ਸਾਥੀ ਵੀ ਹਥਿਆਰਾਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਤੀਰਥ ਸਿੰਘ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।