Punjab Infoline

ਪੰਜਾਬੀ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

02 Nov, 2026 09:17 AM

ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ।

ਅਸਤੀਫ਼ਾ ਦੇਣ ਮਗਰੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਆਖ਼ਰੀ ਸਾਹ ਤੱਕ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਉਹ ਪੰਜਾਬ ਨੂੰ ਨਸ਼ੇ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਅਤੇ ਮੁੜ ਉੱਨਤਸ਼ੀਲ ਤੇ ਮੋਹਰੀ ਸੂਬਾ ਬਣਾਉਣ ਲਈ ਯਤਨ ਕਰਨਗੇ।

ਵਿਧਾਇਕ ਵਜੋਂ 90 ਫੀਸਦੀ ਟੀਚਾ ਪੂਰਾ ਕਰਨ ਦਾ ਦਾਅਵਾ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਧਾਇਕ ਵਜੋਂ ਉਨ੍ਹਾਂ ਆਪਣਾ 90 ਫੀਸਦੀ ਟੀਚਾ ਪੂਰਾ ਕਰ ਲਿਆ ਹੈ। ਉਨ੍ਹਾਂ ਮੁਤਾਬਕ, ਇੱਕ ਵਿਧਾਇਕ ਵਜੋਂ ਜੋ ਕੰਮ ਉਨ੍ਹਾਂ ਨੂੰ ਕਰਨੇ ਚਾਹੀਦੇ ਸਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕੰਮ ਪੂਰੇ ਕੀਤੇ ਹਨ।

ਉਨ੍ਹਾਂ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਰਾਜਨੀਤੀ ਵਿੱਚੋਂ 'ਮਾਈ-ਬਾਪ ਕਲਚਰ' ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਨਤਾ ਨੂੰ ਹੀ ਆਪਣਾ ਪ੍ਰੇਰਣਾ ਸਰੋਤ ਮੰਨ ਕੇ ਕੰਮ ਕੀਤਾ।

ਵਿਧਾਨ ਸਭਾ ਵਿੱਚ ਇਲਾਕੇ ਦੇ ਮੁੱਦੇ ਚੁੱਕਣ ਦਾ ਕੀਤਾ ਜ਼ਿਕਰ

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਉਨ੍ਹਾਂ ਹਮੇਸ਼ਾ ਅੰਮ੍ਰਿਤਸਰ ਵਾਸੀਆਂ ਦੀ ਆਵਾਜ਼ ਬੁਲੰਦ ਕੀਤੀ। ਪਾਣੀ ਅਤੇ ਸੀਵਰੇਜ ਤੋਂ ਲੈ ਕੇ ਸਰਕਟ ਹਾਊਸ, ਕੰਪਨੀ ਬਾਗ, ਗੰਦੇ ਨਾਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ ਅਤੇ ਸਰੂਪ ਰਾਣੀ ਕਾਲਜ ਨਾਲ ਸਬੰਧਤ ਮੁੱਦੇ ਉਨ੍ਹਾਂ ਵੱਲੋਂ ਸਦਨ ਵਿੱਚ ਉਠਾਏ ਗਏ। ਇਸ ਤੋਂ ਇਲਾਵਾ ਬਰਗਾੜੀ ਬੇਅਦਬੀ ਦਾ ਮੁੱਦਾ ਵੀ ਉਨ੍ਹਾਂ ਨੇ ਬੇਬਾਕੀ ਨਾਲ ਰੱਖਿਆ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਵਿਧਾਨ ਸਭਾ ਵਿੱਚ ਗਲੀਆਂ ਅਤੇ ਮੁਹੱਲਿਆਂ ਦੇ ਨਾਂ ਲੈ ਕੇ ਇਲਾਕਾਵਾਰ ਮੁੱਦੇ ਉਨ੍ਹਾਂ ਵੱਲੋਂ ਉਠਾਏ ਗਏ।

'ਪੰਜਾਬ ਫਸਟ' ਹੋਵੇਗਾ ਭਵਿੱਖ ਦੀ ਰਾਜਨੀਤੀ ਦਾ ਉਦੇਸ਼

ਭਵਿੱਖ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਫ਼-ਸੁਥਰੀ ਰਾਜਨੀਤੀ ਕਰਨਾ ਉਨ੍ਹਾਂ ਦਾ ਉਦੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਮਕਸਦ 'ਪੰਜਾਬ ਫਸਟ' ਹੈ ਅਤੇ ਇਸ ਤੋਂ ਇਲਾਵਾ ਕੋਈ ਨਿੱਜੀ ਸਵਾਰਥ ਨਹੀਂ ਹੋਵੇਗਾ।
 

Latest News