Punjab Infoline

ਪੰਜਾਬੀ

1984 ਸਿੱਖ ਕਤਲੇਆਮ: ਸੋਨੀਆ ਗਾਂਧੀ ਨੇ ਰਾਜੀਵ ਨੂੰ ਦਿੱਤੀ ‘ਕਲੀਨ ਚਿੱਟ’, ਐੱਚ.ਐੱਸ. ਫੂਲਕਾ ਨੇ ਲਾਇਆ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼

11 Nov, 2026 08:21 AM

1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਸੋਨੀਆ ਗਾਂਧੀ ਦੀ ਕਿਤਾਬ ਵਿੱਚ ਕੀਤੇ ਗਏ ਜ਼ਿਕਰ ’ਤੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਆਗੂ ਐੱਚ.ਐੱਸ. ਫੂਲਕਾ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ ’ਤੇ ਦੇਸ਼ ਦੇ ਲੋਕਾਂ ਨੂੰ ‘ਗੁਮਰਾਹ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਫ਼ੌਜ ਦੀ ਤਾਇਨਾਤੀ ਵਿੱਚ ਹੋਈ ਦੇਰੀ ਲਈ ਤਤਕਾਲੀ ਫ਼ੌਜ ਮੁਖੀ ਜਨਰਲ ਏ.ਐੱਸ. ਵੈਦਿਆ ਨੂੰ ਜ਼ਿੰਮੇਵਾਰ ਠਹਿਰਾ ਕੇ ਸੋਨੀਆ ਨੇ ਆਪਣੇ ਪਤੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ‘ਕਲੀਨ ਚਿੱਟ’ ਦੇਣ ਦੀ ਕੋਸ਼ਿਸ਼ ਕੀਤੀ ਹੈ।

ਫੂਲਕਾ ਅਨੁਸਾਰ, 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਫ਼ੌਜ ਦੀ ਤਾਇਨਾਤੀ ਵਿੱਚ ਦੇਰੀ ਹੋਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਇਸ ਦੇਰੀ ਲਈ ਤਤਕਾਲੀ ਫ਼ੌਜ ਮੁਖੀ ਜਨਰਲ ਏ.ਐੱਸ. ਵੈਦਿਆ ਦੇ ਫ਼ੈਸਲੇ ਨੂੰ ਜ਼ਿੰਮੇਵਾਰ ਦੱਸਿਆ ਹੈ।

ਫ਼ੌਜੀ ਰਿਕਾਰਡ ਦੇ ਉਲਟ ਹਨ ਸੋਨੀਆ ਦੇ ਦਾਅਵੇ: ਫੂਲਕਾ

ਭਾਜਪਾ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਖ਼ੁਲਾਸਾ ਕੀਤਾ ਹੈ ਕਿ ਜਨਰਲ ਵੈਦਿਆ ਨੂੰ ਇੰਦਰਾ ਗਾਂਧੀ ਦੀ ਹੱਤਿਆ ਵਾਲੀ ਰਾਤ ਹੀ ਹੁਕਮ ਮਿਲ ਗਏ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਨੇੜਲੀਆਂ ਫ਼ੌਜੀ ਟੁਕੜੀਆਂ ਤਾਇਨਾਤ ਨਾ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਉਨ੍ਹਾਂ ਵਿੱਚ ਸਿੱਖ ਜਵਾਨ ਸਨ। ਇਸ ਦੀ ਬਜਾਏ ਦੇਹਰਾਦੂਨ ਤੋਂ ਫ਼ੌਜੀ ਟੁਕੜੀਆਂ ਮੰਗਵਾਈਆਂ ਗਈਆਂ।

ਸੁਪਰੀਮ ਕੋਰਟ ਵਿੱਚ 1984 ਕਤਲੇਆਮ ਦੇ ਪੀੜਤਾਂ ਦੇ ਕੇਸ ਲੜ ਰਹੇ ਫੂਲਕਾ ਨੇ ਇਨ੍ਹਾਂ ਦਾਅਵਿਆਂ ਨੂੰ ਫ਼ੌਜੀ ਰਿਕਾਰਡ ਦੇ ਉਲਟ ਦੱਸਿਆ।

ਉਨ੍ਹਾਂ ਕਿਹਾ, ‘‘ਜਨਰਲ ਵੈਦਿਆ ਨੇ ਇਹ ਕਦੇ ਨਹੀਂ ਕਿਹਾ ਕਿ ਉਨ੍ਹਾਂ ਨੂੰ ਰਾਜੀਵ ਗਾਂਧੀ ਜਾਂ ਪ੍ਰਧਾਨ ਮੰਤਰੀ ਵੱਲੋਂ ਕੋਈ ਹਦਾਇਤਾਂ ਮਿਲੀਆਂ ਸਨ। ਜਨਰਲ ਵੈਦਿਆ ਨੇ ਕਿਹਾ ਸੀ ਕਿ ਉਨ੍ਹਾਂ ਨੇ ਦਿੱਲੀ ਵਿੱਚ (ਫ਼ੌਜੀ ਟੁਕੜੀਆਂ ਦੀ ਉਪਲਬਧਤਾ ਬਾਰੇ) ਖ਼ੁਦ ਪਤਾ ਕੀਤਾ ਸੀ। ਉਨ੍ਹਾਂ ਨੇ ਇਸ ਬਾਰੇ ਦਿੱਲੀ ਦੇ ਜੀ ਓ ਸੀ ਤੋਂ ਪੁੱਛਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੀ ਫ਼ੌਜ ਦੇ 6000 ਜਵਾਨ ਉਪਲਬਧ ਸਨ। ਇਸ ਤੋਂ ਇਲਾਵਾ, ਜਨਰਲ ਵੈਦਿਆ ਨੇ ਮੇਰਠ ਤੋਂ ਵੀ ਫ਼ੌਜੀ ਟੁਕੜੀਆਂ ਮੰਗਵਾਈਆਂ ਸਨ, ਜੋ 31 ਅਕਤੂਬਰ, 1984 ਦੀ ਰਾਤ ਨੂੰ ਦਿੱਲੀ ਪਹੁੰਚ ਗਈਆਂ ਸਨ।’’

Latest News