Punjab Infoline

ਪੰਜਾਬੀ

ਪ੍ਰੇਮਿਕਾ ਦੇ ਇਲਾਕੇ ’ਚ ਜਨਮ ਦਿਨ ਮਨਾਉਣ ਪਹੁੰਚਿਆ ਨੌਜਵਾਨ,ਪ੍ਰੇਮੀ ’ਤੇ ਪਰਿਵਾਰ ਨੇ ਥਾਰ ’ਤੇ ਚਲਾਈਆਂ 15 ਤੋਂ 20 ਗੋਲੀਆਂ, ਗੁੱਸੇ ਵਿੱਚ ਆ ਕੇ ਲੜਕੀ ਵੱਲੋਂ ਖੁਦਕੁਸ਼ੀ

03 Nov, 2026 05:12 PM

Ludhiana Firing Suicide: ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਵਿੱਚ ਸੋਮਵਾਰ ਦੇਰ ਰਾਤ ਜਨਮ ਦਿਨ ਮਨਾਉਣ ਪਹੁੰਚੇ ਇੱਕ ਨੌਜਵਾਨ ਦੀ ਥਾਰ ਗੱਡੀ ’ਤੇ ਫਾਇਰਿੰਗ ਕੀਤੀ ਗਈ। ਇਸ ਘਟਨਾ ਤੋਂ ਬਾਅਦ 23 ਸਾਲਾ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਲੜਕੀ ਦੇ ਪਰਿਵਾਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਹਨ, ਜਦਕਿ ਲੜਕੀ ਦੇ ਭਰਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਵੱਖਰਾ ਪੱਖ ਪੇਸ਼ ਕੀਤਾ ਹੈ।

ਨੌਜਵਾਨ ਦਿਵਿਆਂਸ਼ੂ ਬੱਗਾ ਦਾ ਦਾਅਵਾ ਹੈ ਕਿ ਉਸ ਦੇ ਰੈਨਾ ਧੀਰ ਨਾਲ ਪ੍ਰੇਮ ਸਬੰਧ ਸਨ। ਉਸ ਨੇ 2 ਨਵੰਬਰ ਦੀ ਦੇਰ ਰਾਤ ਰੈਨਾ ਨੂੰ ਜਨਮ ਦਿਨ ਦਾ ਕੇਕ ਕੱਟਣ ਲਈ ਆਪਣੇ ਘਰ ਬੁਲਾਇਆ ਸੀ। ਰਾਤ ਕਰੀਬ 12:30 ਵਜੇ ਜਦੋਂ ਉਹ ਆਪਣੀ ਥਾਰ ਗੱਡੀ ਰਾਹੀਂ ਉੱਥੇ ਪਹੁੰਚਿਆ ਤਾਂ ਕਈ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ।

15 ਤੋਂ 20 ਰਾਊਂਡ ਫਾਇਰਿੰਗ ਕਰਨ ਦਾ ਦੋਸ਼

ਦਿਵਿਆਂਸ਼ੂ ਅਨੁਸਾਰ, ਲੜਕੀ ਦੀ ਮਾਂ ਦੇ ਉਕਸਾਉਣ ’ਤੇ ਉਸ ਦੇ ਭਰਾ ਰੋਹਨ ਧੀਰ ਅਤੇ 25-30 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ’ਤੇ 15 ਤੋਂ 20 ਰਾਊਂਡ ਫਾਇਰ ਕੀਤੇ ਅਤੇ ਪਥਰਾਅ ਵੀ ਕੀਤਾ। ਗੋਲੀਆਂ ਲੱਗਣ ਕਾਰਨ ਗੱਡੀ ਦੇ ਟਾਇਰ ਫਟ ਗਏ। ਹਾਲਾਂਕਿ, ਉਹ ਨੁਕਸਾਨੀ ਗਈ ਗੱਡੀ ਭਜਾ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ।

ਦਿਵਿਆਂਸ਼ੂ ਦਾ ਕਹਿਣਾ ਹੈ ਕਿ ਦੋਵਾਂ ਪਰਿਵਾਰਾਂ ਦੀ ਪਹਿਲਾਂ ਤੋਂ ਜਾਣ-ਪਛਾਣ ਸੀ ਅਤੇ ਖਾਟੂ ਸ਼ਿਆਮ ਯਾਤਰਾ ਦੌਰਾਨ ਦੋਵਾਂ ਵਿਚਕਾਰ ਨੇੜਤਾ ਵਧੀ ਸੀ। ਉਸ ਦਾ ਦਾਅਵਾ ਹੈ ਕਿ ਨੌਜਵਾਨ ’ਤੇ ਹੋਈ ਫਾਇਰਿੰਗ ਦੀ ਘਟਨਾ ਤੋਂ ਦੁਖੀ ਹੋ ਕੇ ਲੜਕੀ ਨੇ ਇਹ ਕਦਮ ਚੁੱਕਿਆ।

ਲੜਕੀ ਦੇ ਭਰਾ ਨੇ ਲਾਏ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼

ਦੂਜੇ ਪਾਸੇ, ਹਸਪਤਾਲ ਪਹੁੰਚੇ ਮ੍ਰਿਤਕਾ ਦੇ ਭਰਾ ਰੋਹਨ ਧੀਰ ਨੇ ਦਿਵਿਆਂਸ਼ੂ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਦਿਵਿਆਂਸ਼ੂ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੀ ਭੈਣ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਗਲੀ ਵਿੱਚ ਉਸ ਨਾਲ ਛੇੜਛਾੜ ਕਰਦਾ ਸੀ। ਕਈ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।

ਰੋਹਨ ਅਨੁਸਾਰ, ਘਟਨਾ ਵਾਲੀ ਰਾਤ ਦਿਵਿਆਂਸ਼ੂ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਸ਼ਰਾਬ ਪੀ ਰਿਹਾ ਸੀ ਅਤੇ ਉੱਚੀ ਆਵਾਜ਼ ਵਿੱਚ ਗਾਣੇ ਚਲਾ ਰਿਹਾ ਸੀ। ਉਸ ਨੇ ਪਰਿਵਾਰਕ ਮੈਂਬਰਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ।

ਲੜਕੀ ਦੇ ਭਰਾ ਨੇ ਇਹ ਵੀ ਦੋਸ਼ ਲਾਇਆ ਕਿ ਦਿਵਿਆਂਸ਼ੂ ਨੇ ਹੈਬੋਵਾਲ ਤੋਂ ਕਈ ਵਿਅਕਤੀ ਬੁਲਾ ਕੇ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਵਾਈਆਂ ਸਨ। ਉਸ ਦਾ ਕਹਿਣਾ ਹੈ ਕਿ ਲਗਾਤਾਰ ਮਾਨਸਿਕ ਪ੍ਰੇਸ਼ਾਨੀ ਅਤੇ ਦਬਾਅ ਕਾਰਨ ਉਸ ਦੀ ਭੈਣ ਨੇ ਆਪਣੀ ਜਾਨ ਦਿੱਤੀ। ਪਰਿਵਾਰ ਕੋਲ ਇਸ ਸਬੰਧੀ ਲੋੜੀਂਦੇ ਸਬੂਤ ਅਤੇ ਕਾਲ ਰਿਕਾਰਡਿੰਗਾਂ ਮੌਜੂਦ ਹਨ।

ਪੁਲੀਸ ਨੇ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ

ਥਾਣਾ ਡਿਵੀਜ਼ਨ ਨੰਬਰ-3 ਦੇ ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲੀਸ ਅਨੁਸਾਰ, ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੱਥਾਂ ਦੀ ਪੁਸ਼ਟੀ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

Latest News