Punjab Infoline

ਪੰਜਾਬੀ

ਬਰਨਾਲਾ ਦੇ ਚੰਨਣਵਾਲ ਪਿੰਡ ’ਚ ਪਤੀ ਵੱਲੋਂ ਪਤਨੀ ਦਾ ਕਤਲ, ਬਾਅਦ ’ਚ ਖ਼ੁਦ ਵੀ ਕੀਤੀ ਖ਼ੁਦਕੁਸ਼ੀ

17 Oct, 2026 09:15 AM

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿੱਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੋਂ ਬਾਅਦ ਖ਼ੁਦ ਵੀ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਥਾਣਾ ਮਹਲ ਕਲਾਂ ਅਧੀਨ ਪੈਂਦੇ ਪਿੰਡ ਵਿੱਚ ਵਾਪਰੀ।

ਜਾਣਕਾਰੀ ਅਨੁਸਾਰ, ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਜਦੋਂ ਔਰਤ ਦੀਆਂ ਚੀਕਾਂ ਸੁਣੀਆਂ ਤਾਂ ਉਹ ਮੌਕੇ ’ਤੇ ਪਹੁੰਚੇ। ਉੱਥੇ ਪਤੀ-ਪਤਨੀ ਦੀਆਂ ਲਾਸ਼ਾਂ ਪਈਆਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਭੋਲਾ ਸਿੰਘ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਵਜੋਂ ਹੋਈ ਹੈ।

ਪਿੰਡ ਵਾਸੀਆਂ ਮੁਤਾਬਕ, ਭੋਲਾ ਸਿੰਘ ਦਿਹਾੜੀ-ਮਜ਼ਦੂਰੀ ਕਰਦਾ ਸੀ, ਜਦਕਿ ਕਰਮਜੀਤ ਕੌਰ ਘਰ ਦਾ ਖ਼ਰਚਾ ਚਲਾਉਣ ਲਈ ਮੱਝਾਂ ਪਾਲਦੀ ਸੀ। ਉਨ੍ਹਾਂ ਅਨੁਸਾਰ, ਆਰਥਿਕ ਤੰਗੀ ਕਾਰਨ ਦੋਵਾਂ ਵਿਚਕਾਰ ਅਕਸਰ ਤਕਰਾਰ ਹੁੰਦੀ ਰਹਿੰਦੀ ਸੀ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਵੀ ਪਤੀ-ਪਤਨੀ ਵਿਚਕਾਰ ਝਗੜਾ ਹੋਇਆ। ਇਸ ਤੋਂ ਬਾਅਦ ਭੋਲਾ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਪਤਨੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਫਿਰ ਉਸ ਨੇ ਖੇਤਾਂ ਵਿੱਚ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਜੋੜੇ ਦੇ ਦੋ ਧੀਆਂ ਅਤੇ ਇੱਕ ਪੁੱਤਰ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ।

Latest News