Punjab Infoline

ਪੰਜਾਬੀ

ਦੀਵਾਲੀ ’ਤੇ ਹਵਾਈ ਕਿਰਾਏ 30 ਤੋਂ 40 ਫ਼ੀਸਦੀ ਵਧੇ, ਕੁਝ ਰੂਟਾਂ ’ਤੇ 68 ਫ਼ੀਸਦੀ ਤੱਕ ਉਛਾਲ

02 Nov, 2026 08:35 PM

ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਹਵਾਈ ਸਫ਼ਰ ਕਰਨਾ ਯਾਤਰੀਆਂ ਦੀ ਜੇਬ ’ਤੇ ਭਾਰੀ ਪੈ ਰਿਹਾ ਹੈ। ਘਰੇਲੂ ਉਡਾਣਾਂ ਦੇ ਕਿਰਾਇਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਔਸਤਨ 30 ਤੋਂ 40 ਫ਼ੀਸਦੀ ਤੱਕ ਵਾਧਾ ਹੋਇਆ ਹੈ, ਜਦਕਿ ਕੁਝ ਮਾਰਗਾਂ ’ਤੇ ਇਹ ਵਾਧਾ 50 ਫ਼ੀਸਦੀ ਤੋਂ ਵੀ ਵੱਧ ਹੈ। ਹਵਾਈ ਕਿਰਾਇਆਂ ਵਿੱਚ ਲਗਾਤਾਰ ਹੋ ਰਹੇ ਵਾਧੇ ’ਤੇ ਸੰਸਦੀ ਕਮੇਟੀ ਨੇ ਵੀ ਚਿੰਤਾ ਪ੍ਰਗਟਾਈ ਹੈ ਅਤੇ ਹਵਾਈ ਕੰਪਨੀਆਂ ਦੇ ਅਧਿਕਾਰੀਆਂ ਤੋਂ ਇਸ ਬਾਰੇ ਜਾਣਕਾਰੀ ਲਈ ਹੈ।

ਇਕ ਰਿਪੋਰਟ ਮੁਤਾਬਕ ਪਹਿਲੀ ਸਤੰਬਰ ਤੋਂ 10 ਨਵੰਬਰ ਤੱਕ ਦੀ ਯਾਤਰਾ ਲਈ ਪਿਛਲੇ ਸਾਲ ਦੇ ਮੁਕਾਬਲੇ ਦਿੱਲੀ-ਹੈਦਰਾਬਾਦ ਮਾਰਗ ’ਤੇ ਹਵਾਈ ਕਿਰਾਇਆਂ ਵਿੱਚ ਸਭ ਤੋਂ ਵੱਧ 68 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮੁੰਬਈ-ਕੋਲਕਾਤਾ ਮਾਰਗ ’ਤੇ ਕਿਰਾਏ 51 ਫ਼ੀਸਦੀ, ਦਿੱਲੀ-ਗੋਆ ’ਤੇ 39 ਫ਼ੀਸਦੀ ਅਤੇ ਮੁੰਬਈ-ਬੰਗਲੂਰੂ ਮਾਰਗ ’ਤੇ 37 ਫ਼ੀਸਦੀ ਵਧੇ ਹਨ।

ਯਾਤਰਾ ਨਾਲ ਜੁੜੀਆਂ ਕੰਪਨੀਆਂ ਮੁਤਾਬਕ ਕੌਮਾਂਤਰੀ ਉਡਾਣਾਂ ਦੇ ਕਿਰਾਇਆਂ ਵਿੱਚ ਵੀ 30 ਤੋਂ 50 ਫ਼ੀਸਦੀ ਤੱਕ ਵਾਧਾ ਹੋਇਆ ਹੈ।

ਹਵਾਈ ਕੰਪਨੀਆਂ ਨੇ ਦੱਸੇ ਕਿਰਾਏ ਵਧਣ ਦੇ ਕਾਰਨ

ਸੰਸਦੀ ਕਮੇਟੀ ਦੀ ਬੈਠਕ ਦੌਰਾਨ ਇੰਡੀਗੋ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਹਵਾਈ ਕਿਰਾਇਆਂ ਵਿੱਚ ਵਾਧੇ ਦੇ ਮੁੱਖ ਕਾਰਨਾਂ ਵਿੱਚ ਹਵਾਈ ਬਾਲਣ ਦੀਆਂ ਉੱਚੀਆਂ ਕੀਮਤਾਂ ਅਤੇ ਪਾਕਿਸਤਾਨ ਵੱਲੋਂ ਆਪਣੇ ਹਵਾਈ ਖੇਤਰ ਦੀ ਵਰਤੋਂ ’ਤੇ ਲਾਈ ਪਾਬੰਦੀ ਨੂੰ ਸ਼ਾਮਲ ਕੀਤਾ।

ਇਸ ਪਾਬੰਦੀ ਕਾਰਨ ਕਈ ਉਡਾਣਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ। ਇਸ ਨਾਲ ਬਾਲਣ ਦੀ ਖਪਤ ਅਤੇ ਉਡਾਣਾਂ ਦੇ ਸੰਚਾਲਨ ਦੀ ਲਾਗਤ ਵਧ ਜਾਂਦੀ ਹੈ।

ਪਿਛਲੇ ਕੁਝ ਮਹੀਨਿਆਂ ਦੌਰਾਨ ਹਵਾਈ ਬਾਲਣ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਬਾਲਣ ਹਵਾਈ ਕੰਪਨੀਆਂ ਦੇ ਕੁੱਲ ਸੰਚਾਲਨ ਖਰਚੇ ਦਾ ਵੱਡਾ ਹਿੱਸਾ ਹੁੰਦਾ ਹੈ। ਇਸ ਤੋਂ ਇਲਾਵਾ ਉਡਾਣਾਂ ਦੀ ਗਿਣਤੀ ਅਤੇ ਉਪਲਬਧ ਸੀਟਾਂ ਵਿੱਚ ਕਮੀ ਵੀ ਕਿਰਾਇਆਂ ਨੂੰ ਪ੍ਰਭਾਵਿਤ ਕਰ ਰਹੀ ਹੈ।

ਇੰਡੀਗੋ ਨੂੰ ਸਤੰਬਰ ਤਿਮਾਹੀ ਵਿੱਚ 1,879.1 ਕਰੋੜ ਰੁਪਏ ਦਾ ਨੁਕਸਾਨ

ਇਸ ਦੌਰਾਨ ਇੰਡੀਗੋ ਨੂੰ ਸਤੰਬਰ ਤਿਮਾਹੀ ਵਿੱਚ 1,879.1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਏਅਰ ਇੰਡੀਆ ਦਾ ਵਿੱਤੀ ਸਾਲ 2025-26 ਵਿੱਚ ਨੁਕਸਾਨ ਵੀ ਪਿਛਲੇ ਸਾਲ ਦੇ ਮੁਕਾਬਲੇ ਲਗਪਗ ਦੁੱਗਣਾ ਹੋ ਗਿਆ ਹੈ।

ਸੰਸਦੀ ਕਮੇਟੀ ਨੇ ਹਵਾਈ ਕਿਰਾਇਆਂ ਵਿੱਚ ਵਾਧੇ ਅਤੇ ਹਵਾਈ ਕੰਪਨੀਆਂ ਦੀਆਂ ਵਿੱਤੀ ਚੁਣੌਤੀਆਂ ਬਾਰੇ ਜਾਣਕਾਰੀ ਲੈਂਦਿਆਂ ਇਸ ਖੇਤਰ ਵਿੱਚ ਯਾਤਰੀਆਂ ਦੇ ਹਿੱਤਾਂ ਦੀ ਰਾਖੀ ਦੀ ਲੋੜ ’ਤੇ ਜ਼ੋਰ ਦਿੱਤਾ।

```

Latest News