ਪੰਜਾਬ ਪੁਲੀਸ ਨੇ 17 ਵਿਦੇਸ਼ੀ ਗੈਂਗਸਟਰ ਭਾਰਤ ਲਿਆਂਦੇ, 28 ਲੋੜੀਂਦੇ ਅਪਰਾਧੀਆਂ ’ਤੇ 10 ਲੱਖ ਤੱਕ ਦਾ ਇਨਾਮ
ਪੰਜਾਬ ਪੁਲੀਸ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਮੇਂ ਦੌਰਾਨ ਵਿਦੇਸ਼ਾਂ ਵਿੱਚ ਬੈਠੇ 17 ਗੈਂਗਸਟਰਾਂ ਨੂੰ ਡਿਪੋਰਟ ਜਾਂ ਪ੍ਰਤਿਆਰਪਣ ਰਾਹੀਂ ਭਾਰਤ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ 28 ਲੋੜੀਂਦੇ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ’ਤੇ 5 ਲੱਖ ਤੋਂ 10 ਲੱਖ ਰੁਪਏ ਤੱਕ ਦਾ ਇਨਾਮ ਰੱਖਿਆ ਗਿਆ ਹੈ।
ਪੁਲੀਸ ਅੰਕੜਿਆਂ ਮੁਤਾਬਕ, ਪੰਜਾਬ ਵਿੱਚ ਪਿਛਲੇ 4.5 ਸਾਲਾਂ ਦੌਰਾਨ ਔਸਤਨ ਹਰ ਮਹੀਨੇ 60 ਗੈਂਗਸਟਰ ਜਾਂ ਰੋਜ਼ਾਨਾ ਦੋ ਗੈਂਗਸਟਰ ਫੜੇ ਗਏ ਹਨ। 6 ਅਪ੍ਰੈਲ 2022 ਨੂੰ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੇ ਗਠਨ ਤੋਂ ਲੈ ਕੇ 10 ਨਵੰਬਰ ਤੱਕ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ 'ਦਿ ਟ੍ਰਿਬਿਊਨ' ਨੂੰ ਦੱਸਿਆ, "ਅਸੀਂ 6 ਅਪ੍ਰੈਲ 2022 ਤੋਂ ਹੁਣ ਤੱਕ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, 41 ਨੂੰ ਢੇਰ (Neutralised) ਕੀਤਾ ਹੈ ਅਤੇ 1,293 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕੀਤਾ ਹੈ।"
ਡੀਜੀਪੀ ਯਾਦਵ ਨੇ ਕਿਹਾ, "ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਇਹ ਪੰਜਾਬ ਪੁਲੀਸ ਦਾ ਇੱਕ ਕੇਂਦਰਿਤ ਅਪਰੇਸ਼ਨ ਰਿਹਾ ਹੈ। ਇਹਨਾਂ ਗੈਂਗਸਟਰਾਂ ਦੀ ਪਾਕਿਸਤਾਨ ਦੀ ਆਈਐੱਸਆਈ (ISI) ਅਤੇ ਕੈਨੇਡਾ ਤੇ ਹੋਰ ਵਿਦੇਸ਼ੀ ਮੁਲਕਾਂ ਵਿੱਚ ਬੈਠੇ ਭਾਰਤ-ਵਿਰੋਧੀ ਗਰੋਹਾਂ ਵੱਲੋਂ ਸਰਗਰਮੀ ਨਾਲ ਮਦਦ ਕੀਤੀ ਜਾ ਰਹੀ ਹੈ। ਇਹਨਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਰੋਕਣਾ ਇੱਕ ਵੱਡਾ ਕਾਰਜ ਹੈ, ਜਿਸ ਲਈ ਪੁਲੀਸ ਕੇਂਦਰੀ ਏਜੰਸੀਆਂ ਦੀ ਸਰਗਰਮ ਮਦਦ ਲੈ ਰਹੀ ਹੈ।"
ਪੁਲੀਸ ਨੇ ਅਪਰਾਧਾਂ ਵਿੱਚ ਵਰਤੇ ਗਏ 2,525 ਹਥਿਆਰ ਅਤੇ 755 ਵਾਹਨ ਵੀ ਬਰਾਮਦ ਕੀਤੇ ਹਨ। AGTF ਵੱਲੋਂ 503 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, 10 ਗੈਂਗਸਟਰਾਂ ਨੂੰ ਢੇਰ ਕੀਤਾ ਗਿਆ, 196 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ 421 ਹਥਿਆਰਾਂ ਤੇ 121 ਵਾਹਨਾਂ ਦੀ ਬਰਾਮਦਗੀ ਕੀਤੀ ਗਈ।
ਬਾਕੀ ਕਾਰਵਾਈ ਪੰਜਾਬ ਪੁਲੀਸ ਦੀਆਂ ਫੀਲਡ ਯੂਨਿਟਾਂ ਵੱਲੋਂ ਕੀਤੀ ਗਈ। ਇਨ੍ਹਾਂ ਨੇ 2,836 ਗ੍ਰਿਫ਼ਤਾਰੀਆਂ ਕੀਤੀਆਂ, 31 ਗੈਂਗਸਟਰਾਂ ਨੂੰ ਢੇਰ ਕੀਤਾ, 1,097 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕੀਤਾ ਅਤੇ 2,104 ਹਥਿਆਰ ਤੇ 634 ਵਾਹਨ ਬਰਾਮਦ ਕੀਤੇ।
17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆਂਦਾ
ਡੀਜੀਪੀ ਨੇ ਦੱਸਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਬੈਠੇ 17 ਗੈਂਗਸਟਰਾਂ ਨੂੰ ਡਿਪੋਰਟ (ਦੇਸ਼ ਨਿਕਾਲਾ) ਜਾਂ ਪ੍ਰਤਿਆਰਪਣ (Extradited) ਰਾਹੀਂ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ ਯੂਏਈ (UAE) ਤੋਂ ਵਿੱਕੀ ਬਰਾੜ, ਅਮਰੀਕਾ (USA) ਤੋਂ ਅਨਮੋਲ ਬਿਸ਼ਨੋਈ, ਅਜ਼ਰਬਾਈਜਾਨ ਤੋਂ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਇੰਡੋਨੇਸ਼ੀਆ ਤੋਂ ਜੋਬਨ ਬਿੱਲਾ ਅਤੇ ਮਲੇਸ਼ੀਆ ਤੋਂ ਜੱਸਾ ਬਹਿਬਲ ਸ਼ਾਮਲ ਹਨ।
ਦੋ ਹੋਰ ਗੈਂਗਸਟਰਾਂ ਨੂੰ ਕੈਨੇਡਾ ਤੋਂ ਅਤੇ ਬਾਕੀਆਂ ਨੂੰ ਫਿਲੀਪੀਨਜ਼, ਹਾਂਗਕਾਂਗ, ਅਰਮੀਨੀਆ, ਮੋਲਦੋਵਾ ਅਤੇ ਮੱਧ ਏਸ਼ੀਆ ਤੋਂ ਵਾਪਸ ਲਿਆਂਦਾ ਗਿਆ। ਈਥੋਪੀਆ ਤੋਂ ਵਾਪਸ ਲਿਆਂਦਾ ਗਿਆ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਸਭ ਤੋਂ ਨਵਾਂ ਅਤੇ ਅਫ਼ਰੀਕਾ ਤੋਂ ਪਹਿਲਾ ਮਾਮਲਾ ਹੈ। ਮੋਲਦੋਵਾ ਤੋਂ ਅੰਮ੍ਰਿਤ ਦਿਲਮ ਦੀ ਵਾਪਸੀ ਯੂਰਪ ਤੋਂ ਪਹਿਲੀ ਵਾਪਸੀ ਸੀ।
ਪੁਲੀਸ ਨੇ NCB-ਇੰਡੀਆ ਰਾਹੀਂ ਹੁਣ ਤੱਕ 49 ਰੈੱਡ ਕਾਰਨਰ ਨੋਟਿਸ ਜਾਰੀ ਕਰਵਾਏ ਹਨ। ਇਸ ਤੋਂ ਇਲਾਵਾ 13 ਨੋਟਿਸ ਬਿਊਰੋ ਕੋਲ ਪੈਂਡਿੰਗ ਹਨ ਅਤੇ 72 ਦੀ ਪ੍ਰਕਿਰਿਆ ਜਾਰੀ ਹੈ। ਪੁਲੀਸ ਵੱਲੋਂ 9 ਬਲੂ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ, ਜਦਕਿ ਇੱਕ ਪੈਂਡਿੰਗ ਹੈ ਅਤੇ 10 ਦੀ ਪ੍ਰਕਿਰਿਆ ਚੱਲ ਰਹੀ ਹੈ।
28 ਲੋੜੀਂਦੇ ਅਪਰਾਧੀਆਂ ਦੀ ਸੂਚੀ, 10 ਲੱਖ ਤੱਕ ਦਾ ਇਨਾਮ
ਪੰਜਾਬ ਪੁਲੀਸ ਨੇ 28 ਲੋੜੀਂਦੇ ਅਪਰਾਧੀਆਂ ਦੀ ਪਹਿਲੀ ਸੂਚੀ ਨੋਟੀਫਾਈ ਕੀਤੀ ਹੈ। ਇਨ੍ਹਾਂ ਵਿੱਚੋਂ 9 ਅਪਰਾਧੀਆਂ ’ਤੇ 10 ਲੱਖ ਰੁਪਏ ਅਤੇ 19 ’ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸੂਚੀ ਵਿੱਚ ਸ਼ਾਮਲ 28 ਵਿੱਚੋਂ 6 ਨੂੰ ਹੁਣ ਤੱਕ ਕਾਬੂ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਜੋਬਨ ਬਿੱਲਾ, ਆਦਿਤਿਆ ਕਪੂਰ ਉਰਫ਼ ਮੱਖਣ, ਸ਼ਕਤੀ ਕੁਮਾਰ, ਜਸਕਰਨ ਸਿੰਘ ਉਰਫ਼ ਕੱਟਾ, ਰਾਜਿੰਦਰ ਸਿੰਘ ਉਰਫ਼ ਬਿੱਲਾ ਅਤੇ ਅਫ਼ਰੀਦੀ ਸ਼ਾਮਲ ਹਨ।
ਪੁਲੀਸ ਦੀ 10 ਲੱਖ ਰੁਪਏ ਦੇ ਇਨਾਮ ਵਾਲੀ ਸੂਚੀ ਵਿੱਚ ਗੋਲਡੀ ਬਰਾੜ, ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ, ਹਰਵਿੰਦਰ ਸਿੰਘ ਉਰਫ਼ ਰਿੰਦਾ, ਸਤਬੀਰ ਸਿੰਘ ਉਰਫ਼ ਸੱਤਾ ਨੌਸ਼ਹਿਰਾ, ਬਲਵਿੰਦਰ ਸਿੰਘ ਉਰਫ਼ ਡੋਨੀ ਬਲ, ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ, ਗੌਰਵ ਪਟਿਆਲ ਉਰਫ਼ ਲੱਕੀ ਪਟਿਆਲ, ਸਰਵਣ ਸਿੰਘ ਉਰਫ਼ ਜੀਵਨ ਫ਼ੌਜੀ ਅਤੇ ਰੋਹਿਤ ਗੋਦਾਰਾ ਦੇ ਨਾਮ ਸ਼ਾਮਲ ਹਨ।
ਪੰਜਾਬ ਵਿੱਚ 9 ਮੁੱਖ ਗੈਂਗ ਸਰਗਰਮ
ਡੀਜੀਪੀ ਨੇ ਦੱਸਿਆ ਕਿ ਸੂਬੇ ਵਿੱਚ 9 ਮੁੱਖ ਗਰੋਹ ਸਰਗਰਮ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦੇਸ਼ਾਂ ਵਿੱਚ ਬੈਠੇ ਲੀਡਰਾਂ ਵੱਲੋਂ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਬੰਬੀਹਾ ਅਤੇ ਗੋਪੀ ਘਨਸ਼ਾਮਪੁਰੀਆ ਗਿਰੋਹ, ਜੱਗੂ ਭਗਵਾਨਪੁਰੀਆ ਅਤੇ ਹੈਰੀ ਚੱਠਾ ਗਿਰੋਹ, ਰਿੰਦਾ ਗਿਰੋਹ, ਲਾਰੈਂਸ ਬਿਸ਼ਨੋਈ ਅਤੇ ਆਰਜ਼ੂ ਬਿਸ਼ਨੋਈ ਗਿਰੋਹ ਅਤੇ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗਿਰੋਹ ਸ਼ਾਮਲ ਹਨ।
AGTF ਦੀ ਵਟਸਐਪ ਹੈਲਪਲਾਈਨ 93946-93946 ’ਤੇ ਹੁਣ ਤੱਕ 1,028 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ 823 ਸ਼ਿਕਾਇਤਾਂ (80 ਫ਼ੀਸਦੀ) ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ 205 ਪੈਂਡਿੰਗ ਹਨ। ਪੁਲੀਸ ਨੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ 97 ਐੱਫਆਈਆਰ (FIRs) ਦਰਜ ਕੀਤੀਆਂ ਹਨ ਅਤੇ 12 ਗ੍ਰਿਫ਼ਤਾਰੀਆਂ ਕੀਤੀਆਂ ਹਨ।
ਇਸ ਤੋਂ ਇਲਾਵਾ ਪੁਲੀਸ ਨੇ 24 ਲੋਕਾਂ ਨੂੰ ਰੋਕੂ ਹਿਰਾਸਤ (Preventive Detention) ਵਿੱਚ ਲਿਆ ਹੈ ਅਤੇ 119 ਲੋਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਮੁਤਾਬਕ, ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਜੇਕਰ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਕਿਸੇ ਲੋੜੀਂਦੇ ਅਪਰਾਧੀ ਦੀ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦਿੱਤਾ ਜਾਂਦਾ ਹੈ।