Punjab Infoline

ਪੰਜਾਬੀ

ਧੂਰੀ ਦੇ ਇੱਕ ਘਰ 'ਚੋਂ ਔਰਤ ਤੇ ਨੌਜਵਾਨ ਦੀਆਂ ਲਾਸ਼ਾਂ ਮਿਲੀਆਂ, ਪੱਖੇ ਨਾਲ ਲਟਕਦੀ ਮਿਲੀ 27 ਸਾਲਾ ਗੁਰਪ੍ਰੀਤ ਦੀ ਦੇਹ

20 Nov, 2026 04:25 PM

Dhuri News: ਪੰਜਾਬ ਦੇ ਧੂਰੀ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ 2 ਵਿੱਚ ਇੱਕ ਘਰ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਔਰਤ ਅਤੇ ਨੌਜਵਾਨ ਦੀਆਂ ਲਾਸ਼ਾਂ ਮਿਲੀਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਔਰਤ ਦੀ ਪਛਾਣ 31 ਸਾਲਾ ਹਰਪਾਲ ਕੌਰ ਵਜੋਂ ਹੋਈ ਹੈ, ਜੋ ਧੂਰੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਦੀ ਪਤਨੀ ਸੀ। ਦੂਜੇ ਮ੍ਰਿਤਕ ਦੀ ਪਛਾਣ 27 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੁੰਨਾਵਾਲ ਵਜੋਂ ਹੋਈ ਹੈ।

ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਘਟਨਾ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਧੂਰੀ ਪੁਲਿਸ ਸਟੇਸ਼ਨ ਦੇ ਐਸਐਚਓ ਜੈਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਮ ਕਰੀਬ 4:30 ਵਜੇ ਸੂਚਨਾ ਮਿਲੀ ਸੀ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਹੈ। ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਅੰਦਰੋਂ ਕੋਈ ਵੀ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਦਰਵਾਜ਼ਾ ਤੋੜ ਕੇ ਅੰਦਰ ਜਾਣ 'ਤੇ ਇੱਕ ਔਰਤ ਫਰਸ਼ 'ਤੇ ਪਈ ਮਿਲੀ, ਜਦਕਿ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਐਸਐਚਓ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੋਸਟਮਾਰਟਮ ਲਈ ਸੰਗਰੂਰ ਭੇਜੀਆਂ ਜਾਣਗੀਆਂ ਲਾਸ਼ਾਂ

ਇਸ ਦੌਰਾਨ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਵੇਂ ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਹਨ। ਹਸਪਤਾਲ ਵਿੱਚ ਸਿਰਫ਼ ਇੱਕ ਫ੍ਰੀਜ਼ਰ ਉਪਲਬਧ ਹੋਣ ਕਾਰਨ ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਸੰਗਰੂਰ ਹਸਪਤਾਲ ਭੇਜੀਆਂ ਜਾ ਰਹੀਆਂ ਹਨ।

ਡਾਕਟਰ ਅਨੁਸਾਰ, ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਫਿਲਹਾਲ ਔਰਤ ਅਤੇ ਨੌਜਵਾਨ ਦੀ ਮੌਤ ਦੇ ਹਾਲਾਤ ਸਪੱਸ਼ਟ ਨਹੀਂ ਹੋਏ ਹਨ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਰੈਂਸਿਕ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।

Latest News