Punjab Infoline

ਪੰਜਾਬੀ

Canada: ਬਰੈਂਪਟਨ ’ਚ ਫਿਰੌਤੀ ਮੰਗਣ ਤੇ ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

26 Nov, 2026 09:47 AM

Canada: ਕੈਨੇਡਾ ਦੇ ਬਰੈਂਪਟਨ ਵਿੱਚ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ, ਧਮਕੀਆਂ ਦੇਣ ਅਤੇ ਇੱਕ ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਰੈਂਪਟਨ ਵਾਸੀ ਜਸਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਦੀ ਮੇਜਰ ਕ੍ਰਾਈਮਜ਼ ਯੂਨਿਟ (MCU) ਨੇ ਉਸ ਨੂੰ 9 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਜਾਂਚਕਰਤਾਵਾਂ ਅਨੁਸਾਰ, ਪੀੜਤ ਤੋਂ ਅਪਰੈਲ ਮਹੀਨੇ ਤੋਂ ਲਗਾਤਾਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਉਸ ਦੇ ਪਰਿਵਾਰ, ਘਰ, ਕਾਰੋਬਾਰ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਹਿੰਸਾ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਮੁਤਾਬਕ, ਜਬਰੀ ਵਸੂਲੀ ਦੀਆਂ ਮੰਗਾਂ ਤੋਂ ਬਾਅਦ ਪੀੜਤ ਨੂੰ ਡਰਾਉਣ ਲਈ ਕਥਿਤ ਤੌਰ ’ਤੇ ਅੱਗਜ਼ਨੀ ਕੀਤੀ ਗਈ।

ਕਾਰੋਬਾਰੀ ਅਦਾਰੇ ਅਤੇ ਵਾਹਨਾਂ ਦਾ 1 ਲੱਖ ਡਾਲਰ ਦਾ ਨੁਕਸਾਨ

ਇਸ ਮਾਮਲੇ ਦੀ ਇੱਕ ਘਟਨਾ ਵਿੱਚ ਅਧਿਕਾਰੀਆਂ ਨੇ 5 ਸਤੰਬਰ ਨੂੰ ਤੜਕੇ ਕਰੀਬ 4:45 ਵਜੇ ਪੀੜਤ ਦੇ ਕਾਰੋਬਾਰੀ ਅਦਾਰੇ ਵਿੱਚ ਲੱਗੀ ਅੱਗ ਦਾ ਜਾਇਜ਼ਾ ਲਿਆ ਸੀ। ਉਪਲਬਧ ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਅਦਾਰੇ ਵਿੱਚ ਆਇਆ ਅਤੇ ਗੈਰੇਜ ਦੇ ਦਰਵਾਜ਼ੇ ਨੇੜੇ ਕੋਈ ਜਲਣਸ਼ੀਲ ਤਰਲ ਪਦਾਰਥ ਛਿੜਕਿਆ। ਇਸ ਤਰਲ ਪਦਾਰਥ ਨੂੰ ਗੈਸੋਲੀਨ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਅੱਗ ਲਾ ਦਿੱਤੀ।

ਅੱਗ ਕਾਰਨ ਕਾਰੋਬਾਰੀ ਅਦਾਰੇ ਅਤੇ ਨੇੜੇ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਨੁਕਸਾਨ ਦੀ ਅੰਦਾਜ਼ਨ ਕੀਮਤ 1,00,000 ਕੈਨੇਡੀਅਨ ਡਾਲਰ ਦੱਸੀ ਗਈ ਹੈ।

9 ਅਕਤੂਬਰ ਨੂੰ ਕੀਤਾ ਗਿਆ ਗ੍ਰਿਫ਼ਤਾਰ

ਜਾਂਚ ਤੋਂ ਬਾਅਦ ਪੁਲਿਸ ਨੇ ਜਸਜੀਤ ਸਿੰਘ ਦੀ ਪਛਾਣ ਕਰਕੇ ਉਸ ਨੂੰ 9 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਜਬਰੀ ਵਸੂਲੀ ਦੇ ਦੋਸ਼ ਆਇਦ ਕੀਤੇ ਗਏ ਹਨ। ਬਾਅਦ ਵਿੱਚ ਉਸ ਨੂੰ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕਰਨ ਤੋਂ ਪਹਿਲਾਂ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ।

ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਸ਼ੱਕ ਹੈ ਕਿ ਇਸ ਘਟਨਾ ਵਿੱਚ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ।

ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਕਿਸੇ ਵੀ ਵਿਅਕਤੀ ਕੋਲ ਇਸ ਘਟਨਾ ਬਾਰੇ ਜਾਣਕਾਰੀ ਹੋਣ ’ਤੇ ਉਹ ਮੇਜਰ ਕ੍ਰਾਈਮਜ਼ ਯੂਨਿਟ ਨਾਲ ਸੰਪਰਕ ਕਰ ਸਕਦਾ ਹੈ।

Latest News