Punjab Infoline

ਪੰਜਾਬੀ

Nvidia ਵਿੱਚ ਜੇਨਸਨ ਹੁਆਂਗ ਦੀ CEO ਵਜੋਂ ਵਾਪਸੀ, ਪ੍ਰਧਾਨ ਅਤੇ ਬੋਰਡ ਮੈਂਬਰ ਦੀ ਜ਼ਿੰਮੇਵਾਰੀ ਵੀ ਮੁੜ ਸੰਭਾਲੀ

24 Nov, 2026 10:22 AM

Jensen Huang returns to Nvidia: ਦੁਨੀਆ ਦੀ ਮੋਹਰੀ ਤਕਨਾਲੋਜੀ ਕੰਪਨੀ Nvidia ਵਿੱਚ ਜੇਨਸਨ ਹੁਆਂਗ ਦੀ ਮੁਖੀ ਵਜੋਂ ਵਾਪਸੀ ਹੋ ਗਈ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਧਾਨ, ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਬੋਰਡ ਮੈਂਬਰ ਵਜੋਂ ਮੁੜ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਵਾਪਸੀ ਅਜਿਹੇ ਸਮੇਂ ਹੋਈ ਹੈ, ਜਦੋਂ ਵਿਦੇਸ਼ੀ ਖੁਫੀਆ ਗਤੀਵਿਧੀਆਂ ਨਾਲ ਸਬੰਧਤ ਰਿਪੋਰਟਾਂ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਬੋਰਡ ਨੇ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਹੈ।

Nvidia ਦੇ ਡਾਇਰੈਕਟਰ ਬੋਰਡ ਨੇ ਸਰਬਸੰਮਤੀ ਨਾਲ ਹੁਆਂਗ ਨੂੰ ਕੰਪਨੀ ਦੇ ਪ੍ਰਧਾਨ ਅਤੇ CEO ਵਜੋਂ ਮੁੜ ਨਿਯੁਕਤ ਕਰਨ ਦਾ ਫੈਸਲਾ ਕੀਤਾ। ਬੋਰਡ ਨੇ ਉਨ੍ਹਾਂ ਨਾਲ ਕਈ ਵਿਚਾਰ-ਵਟਾਂਦਰੇ ਅਤੇ ਮੀਟਿੰਗਾਂ ਕੀਤੀਆਂ। ਇਸ ਤੋਂ ਬਾਅਦ ਬੋਰਡ ਨੇ ਸਿੱਟਾ ਕੱਢਿਆ ਕਿ ਹੁਆਂਗ ਨੇ ਚਰਚਾ ਦੌਰਾਨ ਆਪਣੇ ਵਿਚਾਰ ਸਪੱਸ਼ਟਤਾ ਅਤੇ ਇਮਾਨਦਾਰੀ ਨਾਲ ਪੇਸ਼ ਕੀਤੇ। ਬੋਰਡ ਨੇ ਕੰਪਨੀ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਯੋਗਤਾ 'ਤੇ ਵੀ ਭਰੋਸਾ ਪ੍ਰਗਟਾਇਆ।

ਇਸ ਫੈਸਲੇ ਵਿੱਚ ਸੀਨੀਅਰ ਅਮਰੀਕੀ ਸਰਕਾਰੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ। ਬੋਰਡ ਨੇ ਕਿਹਾ ਕਿ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਉਸ ਨੂੰ ਭਰੋਸਾ ਹੈ ਕਿ ਹੁਆਂਗ ਦੀ ਵਾਪਸੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਨਹੀਂ ਹੈ। ਬੋਰਡ ਦੇ ਚੇਅਰਮੈਨ ਹਾਰਵੇ ਸੀ. ਜੋਨਸ ਨੇ ਕਿਹਾ ਕਿ ਹੁਆਂਗ ਕੰਪਨੀ ਦੀ ਅਗਵਾਈ ਕਰਨ ਲਈ ਸਹੀ ਵਿਅਕਤੀ ਹਨ। ਉਨ੍ਹਾਂ ਦੀ ਵਾਪਸੀ ਕੰਪਨੀ ਦੇ ਸ਼ੇਅਰਧਾਰਕਾਂ, ਕਰਮਚਾਰੀਆਂ, ਭਾਈਵਾਲਾਂ ਅਤੇ ਗਾਹਕਾਂ ਦੇ ਹਿੱਤ ਵਿੱਚ ਹੈ।

ਜੇਨਸਨ ਹੁਆਂਗ ਨੇ ਮੁੜ ਨਿਯੁਕਤੀ ਲਈ ਬੋਰਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਤਕਨਾਲੋਜੀ ਕੰਪਨੀਆਂ ਵਿੱਚੋਂ ਇੱਕ ਦੀ ਅਗਵਾਈ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਨਵੀਂ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਵਿੱਚ ਪੂਰੀ ਨਿਮਰਤਾ ਅਤੇ ਨਵੇਂ ਦ੍ਰਿੜ ਇਰਾਦੇ ਨਾਲ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਹੁਆਂਗ ਨੇ ਬੋਰਡ ਦੇ ਚੇਅਰਮੈਨ ਹਾਰਵੇ ਜੋਨਸ, ਅੰਤਰਿਮ CEO ਕੋਲੇਟ ਕ੍ਰੇਸ ਅਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਦਾ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਰਮਚਾਰੀਆਂ, ਸ਼ੇਅਰਧਾਰਕਾਂ, ਉਦਯੋਗ ਦੇ ਆਗੂਆਂ, ਦੁਨੀਆ ਭਰ ਦੇ ਭਾਈਵਾਲਾਂ ਅਤੇ ਆਪਣੇ ਪਰਿਵਾਰ ਦਾ ਵੀ ਧੰਨਵਾਦ ਪ੍ਰਗਟਾਇਆ।

ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਕੋਲੇਟ ਕ੍ਰੇਸ ਇਸ ਸਮੇਂ ਅੰਤਰਿਮ CEO ਵਜੋਂ ਸੇਵਾ ਨਿਭਾ ਰਹੀ ਹੈ। ਬੋਰਡ ਨੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ। ਉਹ ਮੁੱਖ ਵਿੱਤੀ ਅਧਿਕਾਰੀ ਵਜੋਂ ਆਪਣੀ ਜ਼ਿੰਮੇਵਾਰੀ ਜਾਰੀ ਰੱਖਣਗੇ, ਜਦਕਿ ਹਾਰਵੇ ਜੋਨਸ ਬੋਰਡ ਦੇ ਚੇਅਰਮੈਨ ਬਣੇ ਰਹਿਣਗੇ।

ਜੇਨਸਨ ਹੁਆਂਗ ਵਿਰੁੱਧ ਜਾਂਚ ਰਹੇਗੀ ਜਾਰੀ

ਹੁਆਂਗ ਦੀ ਵਾਪਸੀ ਦੇ ਬਾਵਜੂਦ ਉਨ੍ਹਾਂ ਨਾਲ ਸਬੰਧਤ ਜਾਂਚ ਖਤਮ ਨਹੀਂ ਹੋਈ ਹੈ। ਕੰਪਨੀ ਨੇ ਦੱਸਿਆ ਕਿ ਹਾਲ ਹੀ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਹੁਆਂਗ ਇੱਕ ਵਿਦੇਸ਼ੀ ਖੁਫੀਆ ਏਜੰਸੀ ਦਾ ਨਿਸ਼ਾਨਾ ਸਨ। ਇਸ ਤੋਂ ਬਾਅਦ ਬੋਰਡ ਨੇ ਸੁਤੰਤਰ ਨਿਰਦੇਸ਼ਕਾਂ ਦੀ ਇੱਕ ਕਮੇਟੀ ਬਣਾਈ ਸੀ। ਜਾਂਚ ਵਿੱਚ ਸਹਾਇਤਾ ਲਈ ਇਸ ਕਮੇਟੀ ਨੂੰ ਸੁਤੰਤਰ ਕਾਨੂੰਨੀ ਮਾਹਰਾਂ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਆਪਣੇ ਸਿੱਟੇ ਤੱਕ ਜਾਰੀ ਰਹੇਗੀ। ਹੁਆਂਗ ਨੇ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਹੈ। ਇਸ ਤਰ੍ਹਾਂ ਬੋਰਡ ਨੇ ਉਨ੍ਹਾਂ ਨੂੰ ਲੀਡਰਸ਼ਿਪ ਦੀਆਂ ਜ਼ਿੰਮੇਵਾਰੀਆਂ ਮੁੜ ਸੌਂਪ ਦਿੱਤੀਆਂ ਹਨ, ਪਰ ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਅਜੇ ਪੂਰੀ ਨਹੀਂ ਹੋਈ।

ਡੋਨਾਲਡ ਟਰੰਪ ਨੇ ਫੈਸਲੇ ਦਾ ਕੀਤਾ ਸਵਾਗਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ Social Truth 'ਤੇ ਪੋਸਟ ਕਰਕੇ ਜੇਨਸਨ ਹੁਆਂਗ ਦੀ Nvidia ਵਿੱਚ ਵਾਪਸੀ ਦਾ ਸਮਰਥਨ ਕੀਤਾ ਹੈ। ਟਰੰਪ ਨੇ ਕਿਹਾ ਕਿ ਕੰਪਨੀ ਦੇ ਡਾਇਰੈਕਟਰ ਬੋਰਡ ਨੇ ਹੁਆਂਗ ਨੂੰ ਮੁੜ CEO ਨਿਯੁਕਤ ਕਰਕੇ ਸਹੀ ਫੈਸਲਾ ਲਿਆ ਹੈ। ਉਨ੍ਹਾਂ ਮੁਤਾਬਕ ਅਮਰੀਕੀ ਅਰਥਵਿਵਸਥਾ ਅਤੇ ਕੰਪਨੀ ਦੀ ਸਫਲਤਾ ਲਈ ਹੁਆਂਗ ਦੀ ਅਗਵਾਈ ਜ਼ਰੂਰੀ ਹੈ।

Latest News