Punjab Infoline

ਪੰਜਾਬੀ

ਪੰਜਾਬੀ ਸਿੰਗਰ ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, ਗੇਟ ’ਤੇ ਲੱਗੀਆਂ ਗੋਲੀਆਂ

13 Sep, 2026 01:29 PM

– ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਹ ਫਾਇਰਿੰਗ ਰਾਤ ਕਰੀਬ 1 ਤੋਂ 2 ਵਜੇ ਦਰਮਿਆਨ ਹੋਈ ਦੱਸੀ ਜਾ ਰਹੀ ਹੈ। ਹਮਲਾਵਰ ਘਰ ’ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਗੋਲੀਆਂ ਘਰ ਦੇ ਗੇਟ ’ਤੇ ਲੱਗੀਆਂ ਹਨ।

ਵਾਰਦਾਤ ਸਮੇਂ ਗੁਲਾਬ ਸਿੱਧੂ ਘਰ ਵਿੱਚ ਮੌਜੂਦ ਨਹੀਂ ਸਨ। ਪਰਿਵਾਰ ਮੁਤਾਬਕ ਉਹ ਇਨ੍ਹੀਂ ਦਿਨੀਂ ਮਿਊਜ਼ਿਕਲ ਸ਼ੋਅ ਅਤੇ ਹੋਰ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਵਿਦੇਸ਼ ਗਏ ਹੋਏ ਹਨ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਘਰ ’ਤੇ ਫਾਇਰਿੰਗ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਫਿਲਹਾਲ ਕੋਈ ਸਪੱਸ਼ਟ CCTV ਫੁਟੇਜ ਨਹੀਂ ਮਿਲੀ ਹੈ। ਇਸ ਦੇ ਬਾਵਜੂਦ ਆਸ-ਪਾਸ ਦੇ ਰਸਤਿਆਂ ਅਤੇ ਪਿੰਡ ਦੇ ਮੁੱਖ ਮਾਰਗਾਂ ’ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਫੋਰੈਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਪੁਰਾਣੀਆਂ ਧਮਕੀਆਂ ਨਾਲ ਜੋੜ ਕੇ ਵੀ ਜਾਂਚ

ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਕੁਝ ਲੋਕਾਂ ਵੱਲੋਂ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਕਾਰਨ ਪੁਲਿਸ ਇਸ ਫਾਇਰਿੰਗ ਦੀ ਘਟਨਾ ਨੂੰ ਪੁਰਾਣੀਆਂ ਧਮਕੀਆਂ ਅਤੇ ਗੈਂਗਸਟਰਾਂ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Posted By: Punjab Infoline Bureau

Latest News