Punjab Infoline

ਪੰਜਾਬੀ

₹332 ਕਰੋੜ ਦੇ ਬੈਂਕ ਘੁਟਾਲੇ ’ਚ ਚੰਡੀਗੜ੍ਹ ਦਾ ਜਿਊਲਰ ਗ੍ਰਿਫ਼ਤਾਰ, ਚਾਰ ਦਿਨ ਦੇ ਈਡੀ ਰਿਮਾਂਡ ’ਤੇ

23 Oct, 2026 06:59 PM

ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ₹645 ਕਰੋੜ ਦੇ ਕਥਿਤ ਗਬਨ ਦਾ ਮਾਮਲਾ; ਜਿਊਲਰ ਦੇ ਬੈਂਕ ਖਾਤੇ ਵਿੱਚ ਆਏ ₹332 ਕਰੋੜ

Chandigarh Jeweller Arrest: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ IDFC ਫਸਟ ਬੈਂਕ ਅਤੇ AU ਸਮਾਲ ਫਾਈਨਾਂਸ ਬੈਂਕ ਨਾਲ ਸਬੰਧਤ ਬਹੁ-ਕਰੋੜੀ ਘੁਟਾਲੇ ਦੇ ਮਾਮਲੇ ਵਿੱਚ ਚੰਡੀਗੜ੍ਹ ਦੇ ਜਿਊਲਰ ਰਾਜਨ ਸਿੰਘ ਕਟੌਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਸੈਕਟਰ 35-ਸੀ ਦੀ ਇਨਰ ਮਾਰਕੀਟ ਵਿੱਚ ਸਥਿਤ ਸਾਵਨ ਜਿਊਲਰਜ਼ ਦਾ ਭਾਈਵਾਲ ਹੈ।

ਕਟੌਦੀਆ ਨੂੰ 22 ਅਕਤੂਬਰ ਨੂੰ ਵਿਸ਼ੇਸ਼ ਅਦਾਲਤ (ਪੀਐੱਮਐੱਲਏ) ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਵੀਰਵਾਰ ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਈਡੀ ਰਿਮਾਂਡ ’ਤੇ ਭੇਜ ਦਿੱਤਾ। ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ 645 ਕਰੋੜ ਰੁਪਏ ਦੇ ਕਥਿਤ ਗਬਨ ਦਾ ਦੋਸ਼ ਹੈ।

ਜਿਊਲਰ ਦੇ ਬੈਂਕ ਖਾਤੇ ਵਿੱਚ ਆਏ ₹332 ਕਰੋੜ

ਈਡੀ ਅਨੁਸਾਰ, ਸਾਵਨ ਜਿਊਲਰਜ਼ ਦੇ ਸਰਗਰਮ ਪ੍ਰਬੰਧਕੀ ਭਾਈਵਾਲ ਕਟੌਦੀਆ ਨੇ ਘੁਟਾਲੇ ਦੇ ਮੁੱਖ ਮੁਲਜ਼ਮ ਰਿਭਵ ਰਿਸ਼ੀ ਅਤੇ ਹੋਰਨਾਂ ਨਾਲ ਕਥਿਤ ਤੌਰ ’ਤੇ ਅਪਰਾਧਿਕ ਸਾਜ਼ਿਸ਼ ਰਚੀ। ਜਾਂਚ ਦੌਰਾਨ ਫਰਮ ਦੇ ਬੈਂਕ ਖਾਤੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ 6 ਨਵੰਬਰ 2024 ਤੋਂ 18 ਫਰਵਰੀ 2026 ਦਰਮਿਆਨ ਇਸ ਖਾਤੇ ਵਿੱਚ ਲਗਭਗ 332 ਕਰੋੜ ਰੁਪਏ ਆਏ।

ਜਾਂਚ ਏਜੰਸੀ ਮੁਤਾਬਕ, ਇਹ ਰਕਮ ਕਥਿਤ ਸ਼ੈੱਲ ਕੰਪਨੀਆਂ, ਵਿਚੋਲੀਆਂ ਇਕਾਈਆਂ ਅਤੇ ਵਿਅਕਤੀਆਂ ਰਾਹੀਂ ਖਾਤੇ ਵਿੱਚ ਪਹੁੰਚੀ। ਇਨ੍ਹਾਂ ਵਿੱਚ ਕੈਪਕੋ ਫਿਨਟੈੱਕ ਸਰਵਿਸਿਜ਼, ਸਵਾਸਤਿਕ ਦੇਸ਼ ਪ੍ਰਾਜੈਕਟਸ, ਆਰਐੱਸ ਟਰੇਡਰਜ਼, ਚੰਡੀਗੜ੍ਹ ਮੈਗਾ ਸਟੋਰ, ਐੱਸਆਰਆਰ ਪਲੈਨਿੰਗ ਗੁਰੂਜ਼, ਵਿਸਟਾਮੈੱਡ ਸਲਿਊਸ਼ਨਜ਼, ਮਾਂ ਵੈਭਵ ਲਕਸ਼ਮੀ ਇੰਟੀਰੀਅਰ ਅਤੇ ਰਿਭਵ ਰਿਸ਼ੀ ਦੀ ਪਤਨੀ ਦਿਵਿਆ ਅਰੋੜਾ ਸ਼ਾਮਲ ਹਨ।

ਮਨੀ ਲਾਂਡਰਿੰਗ ਦੇ ਦੋਸ਼

ਈਡੀ ਨੇ ਦੋਸ਼ ਲਾਇਆ ਕਿ ਸਾਵਨ ਜਿਊਲਰਜ਼ ਰਾਹੀਂ ਕਟੌਦੀਆ ਨੇ ਕਥਿਤ ਅਪਰਾਧ ਦੀ ਕਮਾਈ ਨੂੰ ਟਿਕਾਣੇ ਲਾਉਣ ਅਤੇ ਛੁਪਾਉਣ ਵਿੱਚ ਰਿਭਵ ਰਿਸ਼ੀ ਦੀ ਮਦਦ ਕੀਤੀ। ਜਾਂਚ ਏਜੰਸੀ ਅਨੁਸਾਰ, ਇਸ ਰਕਮ ਨੂੰ ਕਾਰੋਬਾਰੀ ਗਤੀਵਿਧੀਆਂ ਵਿੱਚ ਵਰਤ ਕੇ ਜਾਇਜ਼ ਕਾਰੋਬਾਰੀ ਲੈਣ-ਦੇਣ ਵਜੋਂ ਪੇਸ਼ ਕੀਤਾ ਗਿਆ। ਰਿਭਵ ਰਿਸ਼ੀ ਨਾਲ ਸਾਂਝ ਬਣਨ ਤੋਂ ਬਾਅਦ ਫਰਮ ਦੀਆਂ ਖ਼ਰੀਦਾਂ ਵਿੱਚ ਵੀ ਅਚਾਨਕ ਵੱਡਾ ਵਾਧਾ ਹੋਇਆ।

ਇਸ ਮਾਮਲੇ ਵਿੱਚ ਈਡੀ ਪਹਿਲਾਂ ਹੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਦੌਰਾਨ ਲਗਭਗ 225 ਕਰੋੜ ਰੁਪਏ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਕੁਰਕ, ਜ਼ਬਤ ਜਾਂ ਜਾਮ ਕੀਤੀਆਂ ਗਈਆਂ ਹਨ। ਏਜੰਸੀ ਨੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਿੱਚ 14 ਮੁਲਜ਼ਮਾਂ ਵਿਰੁੱਧ ਮੁਕੱਦਮਾ ਚਲਾਉਣ ਲਈ ਸ਼ਿਕਾਇਤ ਵੀ ਦਾਇਰ ਕੀਤੀ ਹੈ।

Latest News