ਅਧਿਆਪਕਾਂ ਲਈ ਵੱਡਾ ਫੈਸਲਾ, 1 ਜਨਵਰੀ 2016 ਤੋਂ 6ਵੇਂ ਤੇ 1 ਅਪ੍ਰੈਲ 2022 ਤੋਂ 7ਵੇਂ ਪੇ ਸਕੇਲ ਦਾ ਲਾਭ
21 ਅਪ੍ਰੈਲ 2026 ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੇ 862 ਅਧਿਆਪਕਾਂ ਨੂੰ ਛੇਵੇਂ ਅਤੇ ਸੱਤਵੇਂ ਪੇ ਸਕੇਲ ਦਾ ਏਰੀਅਰ ਮਿਲੇਗਾ। ਇਸ ਸਬੰਧੀ ਨਿਰਦੇਸ਼ ਬੁੱਧਵਾਰ ਨੂੰ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨਿਤਿਸ਼ ਸਿੰਗਲਾ ਵੱਲੋਂ ਜਾਰੀ ਕੀਤੇ ਗਏ ਹਨ।
2015 ਵਿੱਚ 1149 ਅਸਾਮੀਆਂ ’ਤੇ ਹੋਈ ਸੀ ਭਰਤੀ
ਸਕੂਲ ਸਿੱਖਿਆ ਵਿਭਾਗ ਨੇ ਅਗਸਤ 2015 ਵਿੱਚ 1149 ਅਸਾਮੀਆਂ ’ਤੇ ਐੱਨਟੀਟੀ, ਜੇਬੀਟੀ ਅਤੇ ਟੀਜੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ। ਭਰਤੀ ਤੋਂ ਬਾਅਦ ਮਈ 2017 ਵਿੱਚ ਪੇਪਰ ਲੀਕ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਭਰਤੀ ਰੱਦ ਕਰ ਦਿੱਤੀ ਸੀ।
ਇਸ ਫੈਸਲੇ ਖ਼ਿਲਾਫ਼ ਅਧਿਆਪਕਾਂ ਨੇ ਕੈਟ ਵਿੱਚ ਪਟੀਸ਼ਨ ਦਾਇਰ ਕੀਤੀ, ਜਿੱਥੇ ਪ੍ਰਸ਼ਾਸਨ ਦੇ ਫੈਸਲੇ ’ਤੇ ਸਟੇਅ ਲਾ ਦਿੱਤੀ ਗਈ। ਇਸ ਤੋਂ ਬਾਅਦ ਸਿੱਖਿਆ ਵਿਭਾਗ ਸਟੇਅ ਦੇ ਖ਼ਿਲਾਫ਼ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਪਹੁੰਚਿਆ। ਉੱਥੇ ਫੈਸਲਾ ਅਧਿਆਪਕਾਂ ਦੇ ਹੱਕ ਵਿੱਚ ਰਿਹਾ।
21 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਦਿੱਤੇ ਸਨ ਨਿਰਦੇਸ਼
ਸੁਪਰੀਮ ਕੋਰਟ ਨੇ 21 ਅਪ੍ਰੈਲ ਨੂੰ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਕੋਈ ਵੀ ਸਬੂਤ ਜਾਂ ਗਵਾਹ ਪੇਸ਼ ਨਾ ਕੀਤੇ ਜਾਣ ਕਾਰਨ ਭਰਤੀ ਨੂੰ ਬਹਾਲ ਰੱਖਣ ਦੇ ਨਿਰਦੇਸ਼ ਦਿੱਤੇ ਸਨ।
ਸਕੂਲ ਸਿੱਖਿਆ ਵਿਭਾਗ ਵੱਲੋਂ 1149 ਅਸਾਮੀਆਂ ’ਤੇ ਕੀਤੀ ਗਈ ਭਰਤੀ ਤੋਂ ਬਾਅਦ ਪੇਪਰ ਲੀਕ ਮਾਮਲੇ ਵਿੱਚ ਪਹਿਲਾਂ 3 ਅਤੇ ਉਸ ਤੋਂ ਬਾਅਦ 49 ਨਾਮ ਪੁਲਿਸ ਜਾਂਚ ਵਿੱਚ ਸਾਹਮਣੇ ਆਏ ਸਨ। ਇਨ੍ਹਾਂ ਨੂੰ ਕੈਟ, ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਹਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਸਮੇਂ 862 ਅਧਿਆਪਕ ਕਾਰਜਸ਼ੀਲ
ਕਾਨੂੰਨੀ ਕਾਰਵਾਈ ਦੇ ਚੱਲਦਿਆਂ ਕਈ ਅਧਿਆਪਕ ਦੇਸ਼ ਦੇ ਦੂਜੇ ਸੂਬਿਆਂ ਜਾਂ ਵਿਦੇਸ਼ ਜਾ ਕੇ ਸੈਟਲ ਹੋ ਗਏ, ਜਿਸ ਕਾਰਨ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੁੰਦੀਆਂ ਗਈਆਂ। ਇਸ ਸਮੇਂ ਸਕੂਲ ਸਿੱਖਿਆ ਵਿਭਾਗ ਵਿੱਚ 862 ਅਧਿਆਪਕ ਕਾਰਜਸ਼ੀਲ ਹਨ। ਵਿਭਾਗ ਨੇ ਇਨ੍ਹਾਂ ਅਧਿਆਪਕਾਂ ਨੂੰ ਛੇਵੇਂ ਅਤੇ ਸੱਤਵੇਂ ਪੇ ਸਕੇਲ ਦਾ ਲਾਭ ਦੇਣ ਦਾ ਐਲਾਨ ਕੀਤਾ ਹੈ।
1 ਜਨਵਰੀ 2016 ਅਤੇ 1 ਅਪ੍ਰੈਲ 2022 ਤੋਂ ਮਿਲੇਗਾ ਲਾਭ
ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਧਿਆਪਕਾਂ ਨੂੰ 1 ਜਨਵਰੀ 2016 ਤੋਂ ਛੇਵੇਂ ਪੇ ਸਕੇਲ ਦੇ ਅਨੁਸਾਰ ਏਰੀਅਰ ਮਿਲੇਗਾ। ਇਸੇ ਤਰ੍ਹਾਂ 1 ਅਪ੍ਰੈਲ 2022 ਤੋਂ ਸੱਤਵੇਂ ਪੇ ਸਕੇਲ ਦਾ ਲਾਭ ਮਿਲੇਗਾ।
Posted By: Punjab Infoline Bureau