Punjab Infoline

ਪੰਜਾਬੀ

ਕੈਂਸਰ ਦੀਆਂ 137 ਦਵਾਈਆਂ ਹੋਣਗੀਆਂ ਸਸਤੀਆਂ, 9 ਨਵੰਬਰ ਤੋਂ ਨਵੇਂ ਰੇਟ ਲਾਗੂ

07 Nov, 2026 09:29 PM

ਕੇਂਦਰ ਸਰਕਾਰ ਨੇ ਕੈਂਸਰ ਦੇ ਮਰੀਜ਼ਾਂ ਨੂੰ ਰਾਹਤ ਦੇਣ ਲਈ 137 ਕੈਂਸਰ ਵਿਰੋਧੀ ਦਵਾਈਆਂ ਦੇ ਵਪਾਰ ਮਾਰਜਿਨ (ਟਰੇਡ ਮਾਰਜਿਨ) 'ਤੇ ਸੀਮਾ ਤੈਅ ਕਰ ਦਿੱਤੀ ਹੈ। ਇਸ ਫੈਸਲੇ ਤਹਿਤ 9 ਨਵੰਬਰ ਤੋਂ ਦਵਾਈਆਂ ਦੀਆਂ ਨਵੀਆਂ ਕੀਮਤਾਂ ਲਾਗੂ ਹੋਣਗੀਆਂ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਭਰ ਦੇ ਮਰੀਜ਼ਾਂ ਅਤੇ ਖਪਤਕਾਰਾਂ ਨੂੰ ਸਾਲਾਨਾ ਅੰਦਾਜ਼ਨ 3,502.31 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।

NPPA ਨੇ 137 ਦਵਾਈਆਂ ਦੇ ਵਪਾਰ ਮਾਰਜਿਨ 'ਤੇ ਲਗਾਈ ਸੀਮਾ

ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 137 ਦਵਾਈਆਂ ਦੇ ਵਪਾਰ ਮਾਰਜਿਨ ਦੀ ਹੱਦ ਨਿਰਧਾਰਤ ਕੀਤੀ ਹੈ। ਇਹ ਫੈਸਲਾ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (DGHS) ਅਧੀਨ ਗਠਿਤ ਮਾਹਿਰਾਂ ਦੀ ਕਮੇਟੀ ਵੱਲੋਂ 17 ਅਕਤੂਬਰ ਨੂੰ ਦਿੱਤੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਲਿਆ ਗਿਆ ਹੈ।

ਬਿਆਨ ਅਨੁਸਾਰ, ਹੁਣ ਤੱਕ 76 ਨਾਮੀ ਦਵਾਈ ਕੰਪਨੀਆਂ ਨੇ 121 ਦਵਾਈਆਂ ਦੇ 1,225 ਫਾਰਮੂਲੇਸ਼ਨਾਂ ਲਈ ਸੋਧੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ (MRP) ਜਮ੍ਹਾਂ ਕਰਵਾਈਆਂ ਹਨ। ਇਨ੍ਹਾਂ ਵਿੱਚੋਂ 1,031 ਫਾਰਮੂਲੇਸ਼ਨਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਰਜ ਕੀਤੀ ਗਈ ਹੈ।

ਕਰੀਬ 600 ਬ੍ਰਾਂਡਾਂ ਦੀਆਂ ਕੀਮਤਾਂ 50 ਫੀਸਦੀ ਤੋਂ ਵੱਧ ਘਟੀਆਂ

ਅੰਕੜਿਆਂ ਮੁਤਾਬਕ, ਕਰੀਬ 600 ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 50 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ। ਦਵਾਈਆਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਕਟੌਤੀ 96.45 ਫੀਸਦੀ ਤੱਕ ਦਰਜ ਕੀਤੀ ਗਈ ਹੈ।

ਇਸ ਤੋਂ ਇਲਾਵਾ, ਭਾਰਤ ਵਿੱਚ ਅਜੇ ਤੱਕ ਪੇਸ਼ ਨਾ ਕੀਤੀਆਂ ਗਈਆਂ ਕਰੀਬ 10-15 ਚਿੰਨ੍ਹਿਤ ਦਵਾਈਆਂ 'ਤੇ ਵੀ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਵਪਾਰ ਮਾਰਜਿਨ ਰੈਸ਼ਨਲਾਈਜ਼ੇਸ਼ਨ (TMR) ਤਹਿਤ ਕੀਮਤਾਂ ਦੀ ਸੀਮਾ ਲਾਗੂ ਰਹੇਗੀ।

ਕਈ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ

ਸਰਕਾਰ ਦੇ ਇਸ ਫੈਸਲੇ ਨਾਲ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਕਈ ਦਵਾਈਆਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਈ ਹੈ। ਇਸ ਦੀਆਂ ਕੁਝ ਉਦਾਹਰਨਾਂ ਹਨ:

ਆਰਪੀਜੀ ਲਾਈਫ ਸਾਇੰਸਿਜ਼ ਦੀ ਛਾਤੀ ਦੇ ਕੈਂਸਰ ਲਈ ਵਰਤੀ ਜਾਣ ਵਾਲੀ ਕੈਪਸੂਲ ਦਵਾਈ 'ਪੈਲਬੋਪ੍ਰੋ' (125 ਮਿਲੀਗ੍ਰਾਮ) ਦੀ ਕੀਮਤ 40,421.33 ਰੁਪਏ ਤੋਂ ਘਟ ਕੇ 2,720 ਰੁਪਏ ਰਹਿ ਗਈ ਹੈ।

ਅਰਵਿਨਕੇਅਰ ਫਾਰਮਾ ਦੀ ਪ੍ਰੋਸਟੇਟ ਕੈਂਸਰ ਲਈ ਵਰਤੀ ਜਾਣ ਵਾਲੀ ਗੋਲੀ 'ਐਬੀਰੋਨ' (250 ਮਿਲੀਗ੍ਰਾਮ) ਦੀ ਕੀਮਤ 41,250 ਰੁਪਏ ਤੋਂ ਘਟ ਕੇ 3,218.23 ਰੁਪਏ ਹੋ ਗਈ ਹੈ।

ਇਸੇ ਤਰ੍ਹਾਂ, ਜ਼ਾਈਡਸ ਲਾਈਫਸਾਇੰਸਿਜ਼ ਦੇ ਫੇਫੜਿਆਂ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ ਵਰਤੇ ਜਾਣ ਵਾਲੇ ਟੀਕੇ 'ਬ੍ਰਿਕਸਟਾ' (100 ਮਿਲੀਗ੍ਰਾਮ) ਦੀ ਕੀਮਤ 25,995 ਰੁਪਏ ਤੋਂ ਘਟ ਕੇ 3,318 ਰੁਪਏ ਰਹਿ ਗਈ ਹੈ।

ਰਿਲਾਇੰਸ ਲਾਈਫ ਸਾਇੰਸਿਜ਼ ਦੀ 'ਡੇਨਓਸਟੀਓਰਲ' (60 ਮਿਲੀਗ੍ਰਾਮ) ਦੀ ਕੀਮਤ 24,955 ਰੁਪਏ ਤੋਂ ਘਟ ਕੇ 6,240 ਰੁਪਏ ਹੋ ਗਈ ਹੈ। ਇਸੇ ਤਰ੍ਹਾਂ, ਲੂਪਿਨ ਲਿਮਟਿਡ ਦੇ ਟੀਕੇ 'ਲੂਪੀਹਰ 2' (420 ਮਿਲੀਗ੍ਰਾਮ) ਦੀ ਕੀਮਤ 83,520 ਰੁਪਏ ਤੋਂ ਘਟ ਕੇ ਹੁਣ 37,358.30 ਰੁਪਏ ਹੋਵੇਗੀ।

ਦਵਾਈਆਂ ਦੀ ਨਵੀਂ ਕੀਮਤ ਸੂਚੀ ਲਗਾਉਣੀ ਹੋਵੇਗੀ ਲਾਜ਼ਮੀ

ਮੰਤਰਾਲੇ ਦੇ ਬਿਆਨ ਮੁਤਾਬਕ, ਸਾਰੇ ਪ੍ਰਚੂਨ ਵਿਕਰੇਤਾਵਾਂ, ਦਵਾਈ ਵਿਤਰਕਾਂ ਅਤੇ ਹਸਪਤਾਲਾਂ ਨੂੰ ਆਪਣੇ ਅਦਾਰਿਆਂ ਅਤੇ ਵੈੱਬਸਾਈਟਾਂ 'ਤੇ ਨਵੀਂ ਕੀਮਤ ਸੂਚੀ ਪ੍ਰਮੁੱਖਤਾ ਨਾਲ ਲਗਾਉਣੀ ਹੋਵੇਗੀ।

ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੂਬਿਆਂ ਦੇ ਡਰੱਗ ਕੰਟਰੋਲਰਾਂ ਨੂੰ ਸੌਂਪੀ ਗਈ ਹੈ।

Latest News