Punjab Infoline

ਪੰਜਾਬੀ

Canada ’ਚ ਟਰੱਕ ’ਚੋਂ 52 ਕਿੱਲੋ ਹੈਰੋਇਨ ਤੇ ਕੋਕੀਨ ਬਰਾਮਦ, ਭਾਰਤੀ ਮੂਲ ਦਾ ਦੱਸਿਆ ਜਾ ਰਿਹਾ ਮੁਲਜ਼ਮ ਗ੍ਰਿਫ਼ਤਾਰ, ਅਮਰੀਕਾ ਤੋਂ ਕੈਨੇਡਾ ਨਸ਼ਾ ਲਿਆਉਣ ਦਾ ਦੋਸ਼

29 Oct, 2026 09:15 AM

ਕੈਨੇਡਾ ਵਿੱਚ ਅਮਰੀਕਾ ਤੋਂ ਆ ਰਹੇ ਇੱਕ ਟਰੱਕ-ਟਰਾਲੇ ਦੀ ਤਲਾਸ਼ੀ ਦੌਰਾਨ ਦੋ ਬੈਗਾਂ ਵਿੱਚੋਂ 52 ਕਿੱਲੋ ਹੈਰੋਇਨ ਅਤੇ ਕੋਕੀਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ 47 ਸਾਲਾ ਖ਼ੁਸ਼ਵਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਹਨ।

ਫ਼ੈਡਰਲ ਪੁਲੀਸ ਦੇ ਬੁਲਾਰੇ ਕਾਰਪੋਰਲ ਪਰਮਬੀਰ ਕਾਹਲੋਂ ਨੇ ਦੱਸਿਆ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਫ਼ੈਡਰਲ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਹ ਬਰਾਮਦਗੀ ਹੋਈ ਹੈ।

ਉਨ੍ਹਾਂ ਮੁਤਾਬਕ, ਕੁਝ ਦਿਨ ਪਹਿਲਾਂ ਖ਼ੁਸ਼ਵਿੰਦਰ ਸਿੰਘ ਗਿੱਲ ਆਪਣਾ ਟਰੱਕ-ਟਰਾਲਾ ਲੈ ਕੇ ਅਮਰੀਕਾ ਤੋਂ ਕੈਨੇਡਾ ਆ ਰਿਹਾ ਸੀ। ਸਰਹੱਦ ’ਤੇ ਟਰੱਕ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਉਸ ਵਿੱਚ ਰੱਖੇ ਦੋ ਸ਼ੱਕੀ ਬੈਗਾਂ ਬਾਰੇ ਪੁੱਛਗਿੱਛ ਕੀਤੀ। ਮੁਲਜ਼ਮ ਦਾ ਜਵਾਬ ਅਧਿਕਾਰੀਆਂ ਨੂੰ ਸੰਤੁਸ਼ਟ ਨਾ ਕਰ ਸਕਿਆ।

ਬੈਗ ਖੋਲ੍ਹਣ ’ਤੇ ਉਨ੍ਹਾਂ ਵਿੱਚ ਇੱਟਾਂ ਦੀ ਸ਼ਕਲ ਵਾਲੇ ਪੈਕਟਾਂ ਵਿੱਚ ਪੈਕ ਕੀਤੀ ਹੈਰੋਇਨ ਅਤੇ ਕੋਕੀਨ ਮਿਲੀ। ਇਸ ਤੋਂ ਬਾਅਦ ਕੇਂਦਰੀ ਪੁਲੀਸ ਨੇ ਖ਼ੁਸ਼ਵਿੰਦਰ ਸਿੰਘ ਗਿੱਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਜਾਂਚ ਪੂਰੀ ਹੋਣ ਮਗਰੋਂ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਲਾਏ ਗਏ।

CBSA ਦੇ ਪੈਸਿਫ਼ਿਕ ਖੇਤਰੀ ਜ਼ਿਲ੍ਹੇ ਦੇ ਡਾਇਰੈਕਟਰ ਡੇਵਿਡ ਲੀ ਨੇ ਕਿਹਾ ਕਿ ਫ਼ੈਡਰਲ ਪੁਲੀਸ ਨਾਲ ਸਹਿਯੋਗ ਕਾਰਨ ਨਸ਼ਾ ਤਸਕਰੀ ’ਤੇ ਨਜ਼ਰ ਰੱਖਣਾ ਆਸਾਨ ਹੋਇਆ ਹੈ। ਉਨ੍ਹਾਂ ਮੁਤਾਬਕ, ਇੰਨੀ ਵੱਡੀ ਖੇਪ ਦੀ ਬਰਾਮਦਗੀ ਦੋਵਾਂ ਏਜੰਸੀਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਖ਼ਤੀ ਵਧਣ ਨਾਲ ਨਸ਼ਾ ਤਸਕਰੀ ’ਤੇ ਕਾਬੂ ਪਾਉਣ ਵਿੱਚ ਮਦਦ ਮਿਲ ਰਹੀ ਹੈ।

ਕੋਕੁਇਟਲਮ ਵਿੱਚ ਚੋਰੀ ਦੇ 31 ਮੁਲਜ਼ਮ ਗ੍ਰਿਫ਼ਤਾਰ

ਦੂਜੇ ਪਾਸੇ, ਕੋਕੁਇਟਲਮ ਕੇਂਦਰੀ ਪੁਲੀਸ ਨੇ ਚੋਰੀ ਦੇ 31 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਡਾਲਰਾਂ ਦਾ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਮੁਤਾਬਕ, ਇਹ ਮੁਲਜ਼ਮ ਸਟੋਰਾਂ ਵਿੱਚ ਜਾ ਕੇ ਉੱਥੇ ਮੌਜੂਦ ਸੇਲਜ਼ਮੈਨਾਂ ਨੂੰ ਡਰਾ-ਧਮਕਾ ਕੇ ਸਾਮਾਨ ਚੋਰੀ ਕਰਦੇ ਸਨ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਟੀਮ ਨੇ ਕੁਝ ਹੀ ਦਿਨਾਂ ਵਿੱਚ ਸਾਰੇ 31 ਮੁਲਜ਼ਮਾਂ ਨੂੰ ਕਾਬੂ ਕਰ ਲਿਆ।

Latest News