Punjab Infoline

ਪੰਜਾਬੀ

‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਰਿਤਿਕਾ ਕੌਰ ਸਿੱਧੂ ਵੱਲੋਂ ਸੀਨੀਅਰ ਬੀਬੀਆਂ ਅਤੇ ਸਰਕਲ ਪ੍ਰਧਾਨਾਂ ਨਾਲ ਮੁਲਾਕਾਤ

24 Oct, 2026 08:53 PM

(30 ਅਕਤੂਬਰ ਨੂੰ ਪੰਜਾਬ ਪੈਲੇਸ, ਤਲਵੰਡੀ ਸਾਬੋ ਵਿਖੇ ਹੋਵੇਗੀ ਰੈਲੀ; ਬੀਬਾ ਹਰਸਿਮਰਤ ਕੌਰ ਬਾਦਲ ਕਰਨਗੇ ਵਿਸ਼ੇਸ਼ ਸ਼ਿਰਕਤ)
 

ਤਲਵੰਡੀ ਸਾਬੋ, 24 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਤਲਵੰਡੀ ਸਾਬੋ ਤੋਂ ਇੰਚਾਰਜ ਸ੍ਰ. ਰਵੀਪ੍ਰੀਤ ਸਿੰਘ ਸਿੱਧੂ ਦੀ ਧਰਮ ਪਤਨੀ ਰਿਤਿਕਾ ਕੌਰ ਸਿੱਧੂ ਵੱਲੋਂ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਹਲਕਾ ਤਲਵੰਡੀ ਸਾਬੋ ਦੀਆਂ ਸੀਨੀਅਰ ਬੀਬੀਆਂ ਅਤੇ ਵੱਖ-ਵੱਖ ਸਰਕਲਾਂ ਦੀਆਂ ਮਹਿਲਾ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਸ਼ਿਆਂ ਦੇ ਵਪਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਮਹਿਲਾਵਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੁਹਿੰਮ ਤਹਿਤ 30 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਪੰਜਾਬ ਪੈਲੇਸ, ਤਲਵੰਡੀ ਸਾਬੋ ਵਿਖੇ ਇੱਕ ਵਿਸ਼ੇਸ਼ ਰੈਲੀ ਕਰਵਾਈ ਜਾ ਰਹੀ ਹੈ। ਇਸ ਰੈਲੀ ਵਿੱਚ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਹਲਕਾ ਇੰਚਾਰਜ ਸ੍ਰ. ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਸਮੂਹ ਮਾਵਾਂ, ਭੈਣਾਂ ਅਤੇ ਧੀਆਂ ਨੂੰ ਇਸ ਰੈਲੀ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਮਹਿਲਾਵਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਸਮੂਹ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ, ਨਸ਼ਿਆਂ ਦੇ ਵਪਾਰ ਵਿਰੁੱਧ ਇਕਜੁੱਟ ਹੋਣ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਲਈ ਆਪਣੀ ਆਵਾਜ਼ ਬੁਲੰਦ ਕਰਨ।

Latest News