ਯੂਕੇ ਦੀ ਰਾਇਲ ਏਅਰ ਫੋਰਸ ਵਿੱਚ ਸੇਵਾਵਾਂ ਨਿਭਾਉਣ ਵਾਲੇ ਦੋ ਸਿੱਖ ਅਫਸਰਾਂ ਨੂੰ ਜਥੇਦਾਰ ਗੜਗੱਜ ਨੇ ਦਿੱਤਾ ਸਿਰੋਪਾਓ
ਜਥੇਦਾਰ ਗੜਗੱਜ ਵੱਲੋਂ ਰਾਇਲ ਏਅਰ ਫੋਰਸ ਦੇ ਦੋ ਸਿੱਖ ਅਫਸਰਾਂ ਦਾ ਸਨਮਾਨ, ਦਾੜ੍ਹੀ ਕਤਲ ਕਰਨ ਦੀ ਸ਼ਰਤ ਹਟਾਉਣ ਦੀ ਮੰਗ
ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਦੀ ਰਾਇਲ ਏਅਰ ਫੋਰਸ ਵਿੱਚ ਸੇਵਾਵਾਂ ਨਿਭਾਉਣ ਵਾਲੇ ਦੋ ਸਿੱਖ ਅਫਸਰਾਂ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਅਤੇ ਫਲਾਈਟ ਲੈਫਟੀਨੈਂਟ ਜਸਪਾਲ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯੂਕੇ ਦੀਆਂ ਫੌਜੀ ਸੇਵਾਵਾਂ ਵਿੱਚ ਜੈੱਟ ਉਡਾਉਣ ਦੇ ਓਪਰੇਸ਼ਨਾਂ ਸਮੇਂ ਸਿੱਖਾਂ ਨੂੰ ਦਾੜ੍ਹੀ ਦੇ ਕੇਸ ਕਤਲ ਕਰਨ ਦੀ ਸ਼ਰਤ ਹਟਾਉਣ ਲਈ ਯਤਨ ਕਰਨ ਵਾਸਤੇ ਡਿਫੈਂਸ ਸਿੱਖ ਨੈਟਵਰਕ ਨੂੰ ਕਿਹਾ।
ਯੂਕੇ ਦੀ ਰਾਇਲ ਏਅਰ ਫੋਰਸ ਵਿੱਚ ਫਲਾਈਟ ਲੈਫਟੀਨੈਂਟ ਵਜੋਂ ਅਹੁਦਾ ਹਾਸਲ ਕਰਨ ਵਾਲੇ ਅਰਸ਼ਦੀਪ ਸਿੰਘ ਆਪਣੇ ਮਾਪਿਆਂ ਨਾਲ ਲੰਡਨ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਣ ਪਹੁੰਚੇ। ਇਸ ਮੌਕੇ ਯੂਕੇ ਅਧਾਰਤ ਡਿਫੈਂਸ ਸਿੱਖ ਨੈਟਵਰਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।
ਜੈੱਟ ਉਡਾਉਣ ਸਮੇਂ ਦਾੜ੍ਹੀ ਕਤਲ ਕਰਨ ਦੀ ਸ਼ਰਤ ਦਾ ਮੁੱਦਾ ਉਠਾਇਆ
ਜਥੇਦਾਰ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਚੜ੍ਹਦੀ ਕਲਾ ਨਾਲ ਸੇਵਾਵਾਂ ਨਿਭਾਉਣ ਤੇ ਸਿੱਖੀ ਪਛਾਣ ਨੂੰ ਹੋਰ ਵੱਡੇ ਪੱਧਰ 'ਤੇ ਉਭਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪ੍ਰਿਤਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨਾਲ ਯੂਕੇ ਦੀਆਂ ਫੌਜੀ ਸੇਵਾਵਾਂ ਵਿੱਚ ਸਿੱਖਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਜਥੇਦਾਰ ਨੇ ਕਿਹਾ ਕਿ ਡਿਫੈਂਸ ਸਿੱਖ ਨੈਟਵਰਕ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਯੂਕੇ ਵਿੱਚ ਵੱਸਦੇ ਸਿੱਖ ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਫੌਜੀ ਸੇਵਾਵਾਂ ਵਿੱਚ ਜ਼ਰੂਰ ਸ਼ਾਮਲ ਹੋਣ।
ਉਨ੍ਹਾਂ ਨੇ ਅਰਸ਼ਦੀਪ ਸਿੰਘ ਨੂੰ ਆਪਣੀ ਸਾਬਤ ਸੂਰਤ ਸਿੱਖ ਪਛਾਣ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ 'ਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਸਿੱਖੀ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਹੋਰ ਡੂੰਘਾਈ ਨਾਲ ਸਮਝਣਾ ਅਤੇ ਅਪਣਾਉਣਾ ਚਾਹੁੰਦੇ ਹਨ। ਹਾਲਾਂਕਿ, ਫਲਾਈਟ ਲੈਫਟੀਨੈਂਟ ਵਜੋਂ ਸੇਵਾਵਾਂ ਨਿਭਾਉਣ ਲਈ ਜੈੱਟ ਉਡਾਉਣ ਦੇ ਓਪਰੇਸ਼ਨਾਂ ਦੌਰਾਨ ਸਿੱਖਾਂ ਨੂੰ ਦਾੜ੍ਹੀ ਦੇ ਕੇਸ ਕਤਲ ਕਰਨੇ ਪੈਂਦੇ ਹਨ, ਜੋ ਰਾਇਲ ਏਅਰ ਫੋਰਸ ਦੀਆਂ ਤਕਨੀਕੀ ਸ਼ਰਤਾਂ ਦਾ ਹਿੱਸਾ ਹੈ।
ਜਥੇਦਾਰ ਗੜਗੱਜ ਨੇ ਪ੍ਰਿਤਪਾਲ ਸਿੰਘ ਨੂੰ ਇਸ ਮਾਮਲੇ 'ਤੇ ਯੂਕੇ ਦੀ ਫੌਜ ਅਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਿੱਖ ਧਰਮ ਵਿੱਚ ਕੇਸਾਂ ਦੀ ਮਹੱਤਤਾ ਅਤੇ ਸਿੱਖ ਪਛਾਣ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਵੀ ਆਖਿਆ।
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਡਿਫੈਂਸ ਸਿੱਖ ਨੈਟਵਰਕ ਯੂਕੇ ਸਰਕਾਰ ਨਾਲ ਲਗਾਤਾਰ ਤਾਲਮੇਲ ਕਰਕੇ ਸਿੱਖ ਹਿੱਤਾਂ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਫਲਾਈਟ ਓਪਰੇਸ਼ਨ ਦੌਰਾਨ ਮਾਸਕ ਪਹਿਨਣ ਲਈ ਦਾੜ੍ਹੀ ਦੇ ਕੇਸ ਕਤਲ ਕਰਨ ਦੀ ਸ਼ਰਤ ਦਾ ਹੱਲ ਲੱਭਣ ਲਈ ਵੀ ਯਤਨ ਕੀਤੇ ਜਾਣਗੇ।
ਮਾਰਸ਼ਲ ਅਰਜਨ ਸਿੰਘ ਦੀ ਉਦਾਹਰਨ ਦਿੱਤੀ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤੀ ਏਅਰ ਫੋਰਸ ਦੇ ਮਾਰਸ਼ਲ ਅਤੇ ਤੀਜੇ ਮੁਖੀ ਸ. ਅਰਜਨ ਸਿੰਘ ਦੀ ਉਦਾਹਰਨ ਦਿੰਦਿਆਂ ਅਰਸ਼ਦੀਪ ਸਿੰਘ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਰਜਨ ਸਿੰਘ ਨੇ ਸਾਬਤ ਸੂਰਤ ਰਹਿੰਦਿਆਂ ਸੈਂਕੜੇ ਫਲਾਈਟ ਓਪਰੇਸ਼ਨ ਸਫਲਤਾਪੂਰਵਕ ਪੂਰੇ ਕੀਤੇ ਸਨ ਅਤੇ ਦਾੜ੍ਹੀ ਦੇ ਕੇਸ ਕਿਸੇ ਵੀ ਤਰ੍ਹਾਂ ਫਲਾਈਟ ਓਪਰੇਸ਼ਨਾਂ ਵਿੱਚ ਰੁਕਾਵਟ ਨਹੀਂ ਬਣਦੇ।
ਉਨ੍ਹਾਂ ਨੇ ਡਿਫੈਂਸ ਸਿੱਖ ਨੈਟਵਰਕ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਵਾਉਣ ਲਈ ਕਿਹਾ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨੇ ਸਾਬਤ ਸੂਰਤ ਪਛਾਣ ਕਾਇਮ ਰੱਖਦਿਆਂ ਵਿਸ਼ਵ ਯੁੱਧਾਂ ਅਤੇ ਹੋਰ ਕਈ ਜੰਗਾਂ ਵਿੱਚ ਸਫਲਤਾਪੂਰਵਕ ਸੇਵਾਵਾਂ ਨਿਭਾਈਆਂ ਹਨ। ਇਸ ਲਈ ਏਅਰ ਫੋਰਸ ਦੇ ਓਪਰੇਸ਼ਨਾਂ ਲਈ ਕੇਸ ਕਤਲ ਕਰਨ ਦੀ ਸ਼ਰਤ ਗੈਰ-ਵਾਜਬ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਰਤਾਂ ਹੋਣਹਾਰ ਸਿੱਖ ਨੌਜਵਾਨਾਂ ਨੂੰ ਫੌਜੀ ਸੇਵਾਵਾਂ ਤੋਂ ਦੂਰ ਕਰ ਸਕਦੀਆਂ ਹਨ। ਸਰਕਾਰਾਂ ਨੂੰ ਸਿੱਖਾਂ ਨਾਲ ਵਿਚਾਰ-ਵਟਾਂਦਰਾ ਕਰਕੇ ਧਾਰਮਿਕ ਕਦਰਾਂ-ਕੀਮਤਾਂ ਦੀ ਰਾਖੀ ਕਰਦਿਆਂ ਇਸ ਸ਼ਰਤ ਨੂੰ ਹਟਾਉਣ ਲਈ ਸੰਜੀਦਾ ਪਹੁੰਚ ਅਪਣਾਉਣੀ ਚਾਹੀਦੀ ਹੈ।
Remembrance Day ਮੌਕੇ ਵਿਸ਼ੇਸ਼ ਚਿੰਨ੍ਹ ਭੇਟ
ਅਰਸ਼ਦੀਪ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬ੍ਰਿਟਿਸ਼ ਫੌਜ ਵਿੱਚ ਸਿੱਖਾਂ ਅਤੇ ਹੋਰ ਭਾਰਤੀ ਅਫਸਰਾਂ ਨਾਲ ਸਬੰਧਤ ਦੋ ਯਾਦਗਾਰੀ ਤਸਵੀਰਾਂ ਭੇਟ ਕੀਤੀਆਂ।
ਇਸ ਤੋਂ ਇਲਾਵਾ, ਡਿਫੈਂਸ ਸਿੱਖ ਨੈਟਵਰਕ ਵੱਲੋਂ ਯੂਕੇ ਦੇ ਯਾਦਗਾਰੀ ਦਿਵਸ (Remembrance Day–8 ਨਵੰਬਰ) ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਇਆ ਗਿਆ ਖੰਡੇ ਉੱਤੇ ਖਸਖਸ ਦੇ ਫੁੱਲ ਵਾਲਾ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਸਿੱਖ ਫੌਜੀਆਂ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਗੁਟਕਾ ਸਾਹਿਬ ਵੀ ਜਥੇਦਾਰ ਨੂੰ ਦਿੱਤਾ ਗਿਆ।
ਯੂਕੇ ਵਿੱਚ ਲਾਲ ਰੰਗ ਦਾ ਖਸਖਸ ਦਾ ਫੁੱਲ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ, ਜਿਨ੍ਹਾਂ ਨੇ ਯੁੱਧਾਂ ਦੌਰਾਨ ਸ਼ਹੀਦੀਆਂ ਦਿੱਤੀਆਂ ਜਾਂ ਪ੍ਰਾਪਤੀਆਂ ਕੀਤੀਆਂ। ਇਨ੍ਹਾਂ ਵਿੱਚ ਵੱਡੀ ਗਿਣਤੀ ਸਿੱਖ ਫੌਜੀਆਂ ਦੀ ਵੀ ਸ਼ਾਮਲ ਹੈ।
ਯਾਦਗਾਰੀ ਦਿਵਸ ਪਿਛਲੇ ਯੁੱਧਾਂ ਵਿੱਚ ਬਹਾਦਰੀ ਨਾਲ ਲੜਨ ਵਾਲੇ ਲੋਕਾਂ ਦੇ ਯਤਨਾਂ, ਪ੍ਰਾਪਤੀਆਂ ਅਤੇ ਕੁਰਬਾਨੀਆਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਸਮਾਗਮ ਨਵੰਬਰ ਮਹੀਨੇ ਦੇ ਦੂਜੇ ਐਤਵਾਰ ਨੂੰ ਹੁੰਦਾ ਹੈ, ਜਦਕਿ 11 ਨਵੰਬਰ ਨੂੰ ਵੀ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਅਤੇ ਜੰਗਾਂ ਵਿੱਚ ਕੁਰਬਾਨੀਆਂ ਦੇਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਇਸ ਤੋਂ ਬਾਅਦ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਿਰੋਪਾਓ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਦਿੱਤਾ।
ਫਲਾਈਟ ਲੈਫਟੀਨੈਂਟ ਜਸਪਾਲ ਸਿੰਘ ਸਿੱਧੂ ਦਾ ਵੀ ਸਨਮਾਨ
ਲੰਡਨ ਵਿੱਚ ਹੀ ਰਾਇਲ ਏਅਰ ਫੋਰਸ ਦੇ ਇੰਜੀਨੀਅਰਿੰਗ ਵਿੰਗ ਵਿੱਚ ਸੇਵਾਵਾਂ ਨਿਭਾ ਰਹੇ ਸਾਬਤ ਸੂਰਤ ਸਿੱਖ ਅਫਸਰ ਫਲਾਈਟ ਲੈਫਟੀਨੈਂਟ ਜਸਪਾਲ ਸਿੰਘ ਸਿੱਧੂ ਨੇ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।
ਦੋਵਾਂ ਵਿਚਾਲੇ ਫੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਅਤੇ ਸਿੱਖੀ ਦੇ ਪ੍ਰਚਾਰ ਨਾਲ ਸਬੰਧਤ ਕਈ ਅਹਿਮ ਪਹਿਲੂਆਂ 'ਤੇ ਵਿਚਾਰ-ਚਰਚਾ ਹੋਈ। ਜਥੇਦਾਰ ਗੜਗੱਜ ਨੇ ਜਸਪਾਲ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਜਥੇਦਾਰ ਨੇ ਕਿਹਾ ਕਿ ਰਾਇਲ ਏਅਰ ਫੋਰਸ ਵਿੱਚ ਸੇਵਾਵਾਂ ਨਿਭਾਉਣ ਵਾਲੇ ਦੋਵੇਂ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਵਿਸ਼ਵ ਪੱਧਰ 'ਤੇ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੀ ਇਨ੍ਹਾਂ ਵਾਂਗ ਉੱਚ ਸਿੱਖਿਆ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿੱਚ ਉੱਚ ਅਹੁਦਿਆਂ ਤੱਕ ਪਹੁੰਚਣ ਲਈ ਮਿਹਨਤ ਕਰਨੀ ਚਾਹੀਦੀ ਹੈ, ਜਿਸ ਨਾਲ ਸਮੁੱਚੇ ਗੁਰੂ ਖ਼ਾਲਸਾ ਪੰਥ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ।
ਇਸ ਮੌਕੇ ਅਰਸ਼ਦੀਪ ਸਿੰਘ ਦੇ ਮਾਪੇ ਜਗਦੀਪ ਸਿੰਘ ਅਤੇ ਗਗਨਦੀਪ ਕੌਰ, ਭਰਾ ਅਗਮਦੀਪ ਸਿੰਘ, ਮੀਡੀਆ ਸਲਾਹਕਾਰ ਜਸਕਰਨ ਸਿੰਘ, ਸੁਖਦੀਪ ਸਿੰਘ ਰੰਧਾਵਾ ਅਤੇ ਅਜੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ।