ਜੋਸ਼ੀਮੱਠ 'ਚ ਪਹਾੜੀ ਨਾਲ ਟਕਰਾਇਆ ਹੈਲੀਕਾਪਟਰ, ਪਾਇਲਟ ਸਮੇਤ 6 ਲੋਕਾਂ ਦੀ ਮੌਤ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਪਾਇਲਟ ਸਮੇਤ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਬਦਰੀਨਾਥ ਤੋਂ ਦੇਹਰਾਦੂਨ ਜਾ ਰਿਹਾ ਨਿੱਜੀ ਕੰਪਨੀ ਦਾ ਹੈਲੀਕਾਪਟਰ ਪਹਾੜੀ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਇਹ ਹਾਦਸਾ ਉਡਾਣ ਭਰਨ ਤੋਂ ਕਰੀਬ ਇੱਕ ਘੰਟੇ ਬਾਅਦ ਵਾਪਰਿਆ। ਹੈਲੀਕਾਪਟਰ ਵਿੱਚ ਕੈਪਟਨ ਹਿਮਾਂਸ਼ੂ ਸਮੇਤ ਪੰਜ ਯਾਤਰੀ ਸਵਾਰ ਸਨ। ਸਾਰੇ ਪੰਜ ਯਾਤਰੀ ਬੰਗਲੁਰੂ ਦੇ ਰਹਿਣ ਵਾਲੇ ਸਨ।
ਹਾਦਸੇ ਵਿੱਚ ਪਾਇਲਟ ਸਮੇਤ 6 ਲੋਕਾਂ ਦੀ ਮੌਤ
ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਕੈਪਟਨ ਹਿਮਾਂਸ਼ੂ ਅਤੇ ਯਾਤਰੀਆਂ ਪ੍ਰਤਾਪ, ਅਰੁਣ, ਸ਼ੰਕਰ ਗੌੜਾ, ਸੁਧੀਰ ਕੇ ਅਤੇ ਐੱਚ ਐੱਸ ਨਟਰਾਜਾ ਵਜੋਂ ਹੋਈ ਹੈ।
ਚਮੋਲੀ ਦੇ ਪੁਲੀਸ ਕਪਤਾਨ (ਐੱਸਪੀ) ਸੁਰਜੀਤ ਸਿੰਘ ਪਵਾਰ ਨੇ ਦੱਸਿਆ ਕਿ ਸਾਰੇ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਲਾਸ਼ਾਂ ਨੂੰ ਘਟਨਾ ਸਥਾਨ ਤੋਂ ਬਾਹਰ ਨਹੀਂ ਕੱਢਿਆ ਗਿਆ ਸੀ।
ਮਾਰਵਾੜੀ ਪੁਲ ਨੇੜੇ ਪਹਾੜੀ ਨਾਲ ਟਕਰਾਇਆ ਹੈਲੀਕਾਪਟਰ
ਅਧਿਕਾਰੀਆਂ ਮੁਤਾਬਕ 'ਟਰਾਂਸ ਭਾਰਤ ਏਵੀਏਸ਼ਨ ਪ੍ਰਾਈਵੇਟ ਲਿਮਟਿਡ' ਦਾ ਹੈਲੀਕਾਪਟਰ ਦੁਪਹਿਰ ਕਰੀਬ 2:20 ਵਜੇ ਮਾਰਵਾੜੀ ਪੁਲ ਨੇੜੇ ਜੇ ਪੀ ਪਾਵਰ ਹਾਊਸ ਦੇ ਕੋਲ ਪਹਾੜੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ), ਫੌਜ ਅਤੇ ਭਾਰਤ-ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੀਆਂ ਟੀਮਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ।