Punjab Infoline

ਪੰਜਾਬੀ

Parvinder Jhota Murder: ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫ਼ੇ ਤੱਕ ਪੋਸਟਮਾਰਟਮ ਤੋਂ ਇਨਕਾਰ, 25 ਅਕਤੂਬਰ ਨੂੰ ਪੰਜਾਬ ਭਰ ’ਚ ਝਾੜੂ ਸਾੜਨ ਦਾ ਐਲਾਨ

23 Oct, 2026 05:54 PM

ਸਰਕਾਰ ਨੇ 14 ਵਿੱਚੋਂ 12 ਮੰਗਾਂ ਮੰਨਣ ਦਾ ਭਰੋਸਾ ਦਿੱਤਾ; ਭਗਵੰਤ ਮਾਨ ਅਤੇ ਗੌਰਵ ਯਾਦਵ ਦੇ ਅਸਤੀਫ਼ਿਆਂ ’ਤੇ ਪੇਚ ਫਸਿਆ, ਫੈਸਲਾ ਲੈਣ ਦੇ ਅਧਿਕਾਰ ਵਾਲੀ ਕਮੇਟੀ ਨਾਲ ਗੱਲਬਾਤ ਦੀ ਮੰਗ

ਮਾਨਸਾ: ਮਰਹੂਮ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੀ ਐਕਸ਼ਨ ਕਮੇਟੀ ਅਤੇ ਪੰਜਾਬ ਸਰਕਾਰ ਦੇ ਪੈਨਲ ਵਿਚਾਲੇ ਸ਼ੁੱਕਰਵਾਰ ਨੂੰ ਹੋਈ ਤੀਜੀ ਮੀਟਿੰਗ ਵੀ ਬੇਸਿੱਟਾ ਰਹੀ। ਐਕਸ਼ਨ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ਿਆਂ ਸਮੇਤ ਮੁੱਖ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ।

ਕਮੇਟੀ ਮੁਤਾਬਕ ਸਰਕਾਰੀ ਪੈਨਲ ਨੇ ਉਸ ਦੀਆਂ 14 ਵਿੱਚੋਂ 12 ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ, ਪਰ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ਿਆਂ ਬਾਰੇ ਕੋਈ ਸਹਿਮਤੀ ਨਹੀਂ ਬਣੀ। ਐਕਸ਼ਨ ਕਮੇਟੀ ਨੇ ਮੰਗ ਕੀਤੀ ਹੈ ਕਿ ਸਰਕਾਰ ਅਜਿਹੀ ਕਮੇਟੀ ਭੇਜੇ, ਜਿਸ ਕੋਲ ਸਾਰੀਆਂ ਮੰਗਾਂ ’ਤੇ ਫੈਸਲਾ ਲੈਣ ਦਾ ਅਧਿਕਾਰ ਹੋਵੇ। ਕਮੇਟੀ ਨੇ ਕਿਹਾ ਕਿ ਇਸ ਵਿੱਚ ਪੰਜਾਬ ਦਾ ਮੰਤਰੀ ਮੰਡਲ ਵੀ ਸ਼ਾਮਲ ਹੋ ਸਕਦਾ ਹੈ।

25 ਅਕਤੂਬਰ ਨੂੰ ਪੰਜਾਬ ਭਰ ਵਿੱਚ ਝਾੜੂ ਸਾੜਨ ਦਾ ਐਲਾਨ

ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਪਰਵਿੰਦਰ ਝੋਟਾ ਇਨਸਾਫ਼ ਕਮੇਟੀ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਅਨੁਸਾਰ 25 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਨੂੰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਕਮੇਟੀ ਨੇ ਲੋਕਾਂ ਨੂੰ 25 ਅਕਤੂਬਰ ਨੂੰ ਦੁਪਹਿਰ 2 ਵਜੇ ਮਾਨਸਾ ਵਿੱਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਮੁੱਖ ਧਰਨੇ ਵਾਲੀ ਥਾਂ ’ਤੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਕਮੇਟੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਟਰੌਮਾ ਸੈਂਟਰ ਦੇ ਨਾਮਕਰਨ ’ਤੇ ਵੀ ਸਹਿਮਤੀ ਨਹੀਂ

ਐਕਸ਼ਨ ਕਮੇਟੀ ਨੇ ਖਿਆਲਾ ਵਿਖੇ ਬਣਨ ਵਾਲੇ ਟਰੌਮਾ ਸੈਂਟਰ ਦਾ ਨਾਮ ਪਰਵਿੰਦਰ ਸਿੰਘ ਝੋਟਾ ਦੇ ਨਾਮ ’ਤੇ ਰੱਖਣ ਦੀ ਮੰਗ ਵੀ ਦੁਹਰਾਈ। ਸਰਕਾਰੀ ਪੈਨਲ ਵੱਲੋਂ ਕਿਹਾ ਗਿਆ ਕਿ ਸੈਂਟਰ ਬਣਨ ਤੋਂ ਬਾਅਦ ਇਸ ਦਾ ਨਾਮ ਪਰਵਿੰਦਰ ਝੋਟਾ ਦੇ ਨਾਮ ’ਤੇ ਰੱਖਿਆ ਜਾਵੇਗਾ। ਹਾਲਾਂਕਿ, ਕਮੇਟੀ ਇਸ ਭਰੋਸੇ ਨਾਲ ਸਹਿਮਤ ਨਹੀਂ ਹੋਈ। ਉਸ ਨੇ ਕਿਹਾ ਕਿ ਸੈਂਟਰ ਦੇ ਨਿਰਮਾਣ ਦੀ ਸਮਾਂ-ਸੀਮਾ ਅਤੇ ਇਸ ’ਤੇ ਖਰਚ ਹੋਣ ਵਾਲੀ ਰਕਮ ਬਾਰੇ ਕੋਈ ਠੋਸ ਭਰੋਸਾ ਨਹੀਂ ਦਿੱਤਾ ਗਿਆ।

ਸਰਕਾਰੀ ਪੈਨਲ ਦੀ ਅਗਵਾਈ ਕਰ ਰਹੀ ਅਪਨੀਤ ਰਿਆਤ ਨੇ ਕਿਹਾ ਕਿ ਸਰਕਾਰ ਨੇ ਇਨਸਾਫ਼ ਕਮੇਟੀ ਦੀਆਂ ਬਹੁਤੀਆਂ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਮੁਤਾਬਕ ਨਸ਼ਿਆਂ ਖ਼ਿਲਾਫ਼ ਕਾਰਵਾਈ ਤਹਿਤ ਡਾਕਟਰ ਦੀ ਪਰਚੀ ਤੋਂ ਬਿਨਾਂ ਪ੍ਰੀਗਾਬਾਲਿਨ ਦੀ ਵਿਕਰੀ ’ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਨੂੰ ਸੁਰੱਖਿਆ ਦੇਣ ਅਤੇ ਹੋਰ ਮੰਗਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਪਰਿਵਾਰ ਦੀ ਸੁਰੱਖਿਆ ਅਤੇ ਵਿਧਾਨ ਸਭਾ ਵਿੱਚ ਬਹਿਸ ਦੀ ਮੰਗ

ਐਕਸ਼ਨ ਕਮੇਟੀ ਨੇ ਦਾਅਵਾ ਕੀਤਾ ਕਿ ਪਰਿਵਾਰ ਨੂੰ ਅਜੇ ਤੱਕ ਕੋਈ ਗੰਨਮੈਨ ਮੁਹੱਈਆ ਨਹੀਂ ਕਰਵਾਇਆ ਗਿਆ। ਕਮੇਟੀ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਮੀਟਿੰਗ ਵਿੱਚ ਅਪਨੀਤ ਰਿਆਤ, ਕੰਵਲਜੀਤ ਕੌਰ ਬਰਾੜ, ਡੀਸੀ ਨਵਜੋਤ ਕੌਰ ਅਤੇ ਡੀਆਈਜੀ ਹਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ।

ਕਮੇਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਬਹਿਸ ਨਾ ਹੋਣ ਦੇਣ ਲਈ ਵੀ ਸਰਕਾਰ ਦੀ ਆਲੋਚਨਾ ਕੀਤੀ। ਕਮੇਟੀ ਦਾ ਕਹਿਣਾ ਹੈ ਕਿ ਪਰਵਿੰਦਰ ਝੋਟਾ ਨੂੰ ਸ਼ਰਧਾਂਜਲੀ ਦੇ ਕੇ ਹੀ ਮਾਮਲਾ ਸਮੇਟ ਦਿੱਤਾ ਗਿਆ, ਜਦਕਿ ਕਤਲ ਅਤੇ ਨਸ਼ਿਆਂ ਦੇ ਕਾਰੋਬਾਰ ਬਾਰੇ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਸੀ। ਉਸ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਬਾਕੀ ਰਹਿੰਦੇ ਇਜਲਾਸ ਦੌਰਾਨ ਇਸ ਮੁੱਦੇ ’ਤੇ ਬਹਿਸ ਕਰਵਾਈ ਜਾਵੇ।

ਧਰਨੇ ਦੌਰਾਨ ਡਾ. ਪਿਆਰਾ ਲਾਲ ਗਰਗ ਨੇ ਪੋਸਟਮਾਰਟਮ ਦੀ ਲੋੜ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਇਸ ਮਾਮਲੇ ਵਿੱਚ ਪੋਸਟਮਾਰਟਮ ਦੀ ਬਹੁਤੀ ਲੋੜ ਨਹੀਂ ਹੈ। ਉਨ੍ਹਾਂ ਦਲੀਲ ਦਿੱਤੀ ਕਿ ਪੋਸਟਮਾਰਟਮ ਦੀ ਲੋੜ ਆਮ ਤੌਰ ’ਤੇ ਉਨ੍ਹਾਂ ਮਾਮਲਿਆਂ ਵਿੱਚ ਪੈਂਦੀ ਹੈ, ਜਿੱਥੇ ਮੌਤ ਦੇ ਕਾਰਨਾਂ, ਮੁਲਜ਼ਮ ਦੀ ਪਛਾਣ ਜਾਂ ਸਬੂਤਾਂ ਬਾਰੇ ਸਪੱਸ਼ਟਤਾ ਨਾ ਹੋਵੇ।

ਪਰਿਵਾਰ ਨੇ ਕਿਹਾ—ਇਹ ਵਿਰੋਧੀ ਪਾਰਟੀਆਂ ਨਹੀਂ, ਇਨਸਾਫ਼ ਕਮੇਟੀ ਦੀ ਮੰਗ

ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਾ ਹੋਣ ਦੇਣ ਅਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਵਿਰੋਧੀ ਪਾਰਟੀਆਂ ਦੀ ਨਹੀਂ, ਸਗੋਂ ਪਰਿਵਾਰ ਅਤੇ ਇਨਸਾਫ਼ ਕਮੇਟੀ ਦੀ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਇਸ ਘਟਨਾ ਲਈ ਨੈਤਿਕ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ।

ਇਸ ਮੌਕੇ ਹਮੀਰ ਸਿੰਘ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਧੰਨਾ ਮੱਲ ਗੋਇਲ, ਹਰਦੀਪ ਸਿੱਧੂ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਕਿਸਾਨ ਆਗੂ ਬਿਕਰਮ ਮੋਫਰ ਤੇ ਪਰਮਪਾਲ ਕੌਰ ਮਲੂਕਾ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਵੀ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ।

Latest News