Punjab Infoline

ਪੰਜਾਬੀ

ਗਾਜ਼ੀਆਬਾਦ: 2 ਕਰੋੜ ਦੀ ਬੀਮਾ ਪਾਲਿਸੀ ਲਈ ਪਤੀ ਨੂੰ ਹੌਲੀ-ਹੌਲੀ ਜ਼ਹਿਰ ਦੇਣ ਦਾ ਦੋਸ਼, ਪਤਨੀ ਸਮੇਤ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ

27 Nov, 2026 12:47 PM

ਗਾਜ਼ੀਆਬਾਦ ਦੇ ਵਸੁੰਧਰਾ ਇਲਾਕੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਕਾਰੋਬਾਰੀ ਸੁਸ਼ੀਲ ਭਟਨਾਗਰ ਨੇ ਆਪਣੀ ਪਤਨੀ ਰੇਣੂ 'ਤੇ ਪਰਿਵਾਰ ਦੇ ਖਾਣੇ ਵਿੱਚ ਲੈੱਡ ਮਿਲਾ ਕੇ ਉਨ੍ਹਾਂ ਨੂੰ ਹੌਲੀ-ਹੌਲੀ ਜ਼ਹਿਰ ਦੇਣ ਦਾ ਦੋਸ਼ ਲਗਾਇਆ ਹੈ। ਪੁਲਿਸ ਮੁਤਾਬਕ ਇਸ ਮਾਮਲੇ ਪਿੱਛੇ 2 ਕਰੋੜ ਰੁਪਏ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਅਤੇ ਪਤੀ ਦੇ ਕਾਰੋਬਾਰ ਤੇ ਜਾਇਦਾਦ 'ਤੇ ਕਬਜ਼ਾ ਕਰਨ ਦਾ ਕਥਿਤ ਮਕਸਦ ਹੋ ਸਕਦਾ ਹੈ।

ਜਾਣਕਾਰੀ ਅਨੁਸਾਰ, ਸੁਸ਼ੀਲ ਭਟਨਾਗਰ ਦੀ ਸਿਹਤ ਪਿਛਲੇ ਸਾਲ ਤੋਂ ਲਗਾਤਾਰ ਖ਼ਰਾਬ ਰਹਿਣ ਲੱਗ ਪਈ ਸੀ। 21 ਅਗਸਤ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੈਕਸ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ। ਉੱਥੇ ਕੀਤੇ ਗਏ ਖੂਨ ਦੇ ਟੈਸਟਾਂ ਵਿੱਚ ਉਨ੍ਹਾਂ ਦੇ ਸਰੀਰ ਅੰਦਰ ਲੈੱਡ ਦੀ ਮਾਤਰਾ ਆਮ ਨਾਲੋਂ ਕਾਫ਼ੀ ਜ਼ਿਆਦਾ ਪਾਈ ਗਈ।

ਇਲਾਜ ਤੋਂ ਬਾਅਦ ਸੁਸ਼ੀਲ ਘਰ ਪਰਤ ਆਏ, ਪਰ ਉਨ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਜਾਰੀ ਰਹੀਆਂ। ਇਸ ਦੌਰਾਨ ਉਨ੍ਹਾਂ ਦੀ 12 ਸਾਲਾ ਧੀ ਨੇ ਕਥਿਤ ਤੌਰ 'ਤੇ ਪਿਤਾ ਨੂੰ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਖਾਣੇ 'ਤੇ ਕੋਈ ਚੀਜ਼ ਛਿੜਕਦੇ ਦੇਖਿਆ ਸੀ। ਹਾਲਾਂਕਿ, ਸ਼ੁਰੂਆਤ ਵਿੱਚ ਸੁਸ਼ੀਲ ਨੇ ਧੀ ਦੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਕਰੀਬ ਇੱਕ ਸਾਲ ਬਾਅਦ ਦੁਬਾਰਾ ਖੂਨ ਦੀ ਜਾਂਚ ਕਰਵਾਉਣ 'ਤੇ ਰਿਪੋਰਟ ਵਿੱਚ ਲੰਬੇ ਸਮੇਂ ਤੋਂ ਲੈੱਡ ਪੋਇਜ਼ਨਿੰਗ ਹੋਣ ਦੀ ਪੁਸ਼ਟੀ ਹੋਈ। ਸੁਸ਼ੀਲ ਦੀ ਸ਼ਿਕਾਇਤ ਮੁਤਾਬਕ, ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਵਿੱਚ ਸੀਸੇ ਦੀ ਖ਼ਤਰਨਾਕ ਮਾਤਰਾ ਦੇਖਦਿਆਂ ਪੁਲਿਸ ਹੈਲਪਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।

ਇਸ ਤੋਂ ਬਾਅਦ ਜਦੋਂ ਸੁਸ਼ੀਲ ਨੇ ਆਪਣੀ ਪਤਨੀ ਰੇਣੂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਕਥਿਤ ਤੌਰ 'ਤੇ ਘਰ ਛੱਡ ਕੇ ਫਰਾਰ ਹੋ ਗਈ। ਪੁਲਿਸ ਨੇ 24 ਸਤੰਬਰ ਨੂੰ ਰੇਣੂ, ਉਸ ਦੀ ਮਾਂ ਅਤੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।

5 ਤੋਂ 6 ਕਰੋੜ ਰੁਪਏ ਦੇ ਕਾਰੋਬਾਰ 'ਤੇ ਵੀ ਸੀ ਨਜ਼ਰ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇੰਦਿਰਾਪੁਰਮ ਦੇ ਸਹਾਇਕ ਪੁਲਿਸ ਕਮਿਸ਼ਨਰ ਅਭੈ ਰਾਜੇਂਦਰ ਡਾਗਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰੇਣੂ ਨੇ ਆਪਣੇ ਪਤੀ ਦੀ ਟਰੈਵਲ ਏਜੰਸੀ ਦੇ ਕਾਰੋਬਾਰ ਦੀ ਕੀਮਤ 5 ਤੋਂ 6 ਕਰੋੜ ਰੁਪਏ ਦੇ ਕਰੀਬ ਦੱਸੀ ਸੀ। ਇਸ ਤੋਂ ਇਲਾਵਾ ਸੁਸ਼ੀਲ ਦੇ ਨਾਮ 'ਤੇ 2 ਕਰੋੜ ਰੁਪਏ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਵੀ ਸੀ, ਜਿਸ ਵਿੱਚ ਰੇਣੂ ਨੂੰ ਨੋਮਿਨੀ ਬਣਾਇਆ ਗਿਆ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਰੇਣੂ ਨੇ ਪਰਿਵਾਰ ਦੇ ਖਾਣੇ ਵਿੱਚ ਲੈੱਡ ਮਿਲਾ ਕੇ ਉਨ੍ਹਾਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਏਜੰਸੀਆਂ ਮੁਤਾਬਕ, ਇਸ ਪਿੱਛੇ ਕਥਿਤ ਮਕਸਦ ਪਤੀ ਦੀ ਮੌਤ ਤੋਂ ਬਾਅਦ ਬੀਮੇ ਦੀ ਰਕਮ ਹਾਸਲ ਕਰਨਾ ਅਤੇ ਉਸ ਦੇ ਕਾਰੋਬਾਰ ਤੇ ਹੋਰ ਜਾਇਦਾਦਾਂ 'ਤੇ ਕਬਜ਼ਾ ਕਰਨਾ ਹੋ ਸਕਦਾ ਹੈ।

ਪੁਲਿਸ ਨੇ ਰੇਣੂ ਭਟਨਾਗਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਜ਼ਹਿਰ ਰਾਹੀਂ ਨੁਕਸਾਨ ਪਹੁੰਚਾਉਣ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Latest News