Punjab Infoline

ਪੰਜਾਬੀ

ਕੈਨੇਡਾ ‘ਚ ਦਰਦਨਾਕ ਸੜਕ ਹਾਦਸਾ, ਟਾਂਡਾ ਦੇ ਪੰਜਾਬੀ ਨੌਜਵਾਨ ਬ੍ਰਹਮਜੋਤ ਸਿੰਘ ਦੀ ਕਾਰ ‘ਚ ਸੜ ਕੇ ਮੌਤ

11 Sep, 2026 11:06 AM

ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੋਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਬ੍ਰਹਮਜੋਤ ਸਿੰਘ ਵਜੋਂ ਹੋਈ ਹੈ। ਉਹ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ।

ਇਹ ਹਾਦਸਾ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਦੱਖਣ-ਪੱਛਮੀ ਇਲਾਕੇ ਵਿੱਚ ਫੈਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ’ਤੇ ਬੁੱਧਵਾਰ ਦੇਰ ਰਾਤ ਕਰੀਬ 1 ਵਜੇ ਤੋਂ ਬਾਅਦ ਵਾਪਰਿਆ। ਬ੍ਰਹਮਜੋਤ ਆਪਣੀ ਹੋਂਡਾ CR-V ਵਿੱਚ ਜਾ ਰਿਹਾ ਸੀ, ਜਦੋਂ ਉਸ ਦੀ ਟੱਕਰ ਇੱਕ ਹੋਰ ਕਾਰ ਕੀਆ ਸੋਰੇਂਟੋ ਨਾਲ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਇੱਕ-ਦੂਜੇ ਤੋਂ ਕਰੀਬ 25 ਫੁੱਟ ਦੂਰ ਜਾ ਡਿੱਗੀਆਂ। ਇਸ ਤੋਂ ਬਾਅਦ ਦੋਵੇਂ ਵਾਹਨਾਂ ਵਿੱਚ ਅੱਗ ਲੱਗ ਗਈ। ਬ੍ਰਹਮਜੋਤ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਹ ਆਪਣੀ ਕਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਦੂਜੀ ਕਾਰ ਦੇ ਡਰਾਈਵਰ ਨੂੰ ਬਚਾ ਲਿਆ ਗਿਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਅੱਗ ਕਾਰਨ ਵਾਹਨਾਂ ਤੱਕ ਪਹੁੰਚਣਾ ਹੋਇਆ ਮੁਸ਼ਕਲ

ਓਟਾਵਾ ਫਾਇਰ ਸਰਵਿਸਿਜ਼ ਅਤੇ ਪੁਲਿਸ ਮੁਤਾਬਕ ਇਹ ਸਿੱਧੀ ਟੱਕਰ ਹੋਂਡਾ CR-V ਅਤੇ ਕੀਆ ਸੋਰੇਂਟੋ ਵਿਚਾਲੇ ਹੋਈ ਸੀ। ਹਾਦਸੇ ਤੋਂ ਬਾਅਦ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਸ਼ੁਰੂਆਤ ਵਿੱਚ ਫਾਇਰਫਾਈਟਰਾਂ ਲਈ ਵਾਹਨਾਂ ਦੇ ਨੇੜੇ ਪਹੁੰਚਣਾ ਵੀ ਮੁਸ਼ਕਲ ਹੋ ਗਿਆ।

ਕਾਫੀ ਮਿਹਨਤ ਤੋਂ ਬਾਅਦ ਜਦੋਂ ਅੱਗ ’ਤੇ ਕਾਬੂ ਪਾਇਆ ਗਿਆ ਤਾਂ ਫਾਇਰ ਕਰਮਚਾਰੀਆਂ ਨੂੰ ਹੋਂਡਾ ਦੀ ਅਗਲੀ ਸੀਟ ’ਤੇ ਬ੍ਰਹਮਜੋਤ ਸਿੰਘ ਦੀ ਅੱਗ ਕਾਰਨ ਸੜੀ ਹੋਈ ਲਾਸ਼ ਮਿਲੀ। ਕਾਰ ਵਿੱਚ ਉਸ ਤੋਂ ਇਲਾਵਾ ਕੋਈ ਹੋਰ ਸਵਾਰ ਨਹੀਂ ਸੀ। ਪੈਰਾਮੈਡਿਕਸ ਨੇ ਮੌਕੇ ’ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਸ਼ੁਰੂ ਕੀਤੀ ਹਾਦਸੇ ਦੀ ਜਾਂਚ

ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਕਿਸ ਵਾਹਨ ਦੀ ਲਾਪਰਵਾਹੀ ਕਾਰਨ ਵਾਪਰਿਆ।

Posted By: Punjab Infoline Bureau

Latest News