CM Bhagwant Mann Chhath Puja: ਪੰਜਾਬ ਭਰ ਵਿੱਚ ਪੰਜਾਬ ਸਰਕਾਰ ਵੱਲੋਂ104 ਥਾਵਾਂ ’ਤੇ ਛਠ ਪੂਜਾ ਦੇ ਪ੍ਰਬੰਧ, ਮੁੱਖ ਮੰਤਰੀ ਨੇ ਸ਼ਰਧਾਲੂਆਂ ਨਾਲ ਮਨਾਇਆ ਤਿਉਹਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਛਠ ਪੂਜਾ ਮੌਕੇ ਸ਼ਰਧਾਲੂਆਂ ਨਾਲ ਮਿਲ ਕੇ ਤਿਉਹਾਰ ਦੇ ਜਸ਼ਨਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਛਠ ਪੂਜਾ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਦੇ ਸੁੱਖ, ਸ਼ਾਂਤੀ, ਖੁਸ਼ਹਾਲੀ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ।
ਤਿਉਹਾਰ ਦੇ ਆਸਥਾ, ਸ਼ੁਕਰਗੁਜ਼ਾਰੀ ਅਤੇ ਏਕਤਾ ਦੇ ਸੰਦੇਸ਼ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕ ਸਾਂਝੇ ਉਤਸ਼ਾਹ ਨਾਲ ਇੱਕ-ਦੂਜੇ ਦੇ ਤਿਉਹਾਰ ਮਨਾਉਂਦੇ ਹਨ ਤਾਂ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਆਪਸੀ ਸਤਿਕਾਰ ਦੀ ਅਮੀਰ ਵਿਰਾਸਤ ਹੋਰ ਮਜ਼ਬੂਤ ਹੁੰਦੀ ਹੈ।
ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸੂਬੇ ਵਿੱਚ ਹਜ਼ਾਰਾਂ ਲੋਕ ਪੂਰੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਉਲਾਸ ਨਾਲ ਛਠ ਪੂਜਾ ਮਨਾ ਰਹੇ ਹਨ। ਤਿਉਹਾਰ ਦੀ ਮਹੱਤਤਾ ਬਾਰੇ ਉਨ੍ਹਾਂ ਕਿਹਾ ਕਿ ਛਠ ਸਿਰਫ਼ ਇੱਕ ਧਾਰਮਿਕ ਤਿਉਹਾਰ ਨਹੀਂ, ਸਗੋਂ ਆਸਥਾ, ਤਪੱਸਿਆ, ਅਨੁਸ਼ਾਸਨ, ਪਰਿਵਾਰਕ ਸਮਰਪਣ ਅਤੇ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਇੱਕ ਪਵਿੱਤਰ ਮੌਕਾ ਹੈ।
ਉਨ੍ਹਾਂ ਕਿਹਾ ਕਿ ਸੂਰਜ ਨੂੰ ਜੀਵਨ, ਊਰਜਾ, ਰੌਸ਼ਨੀ ਅਤੇ ਚੰਗੀ ਸਿਹਤ ਦੇ ਸਰੋਤ ਵਜੋਂ ਪੂਜਿਆ ਜਾਂਦਾ ਹੈ। ਇਹ ਤਿਉਹਾਰ ਸਾਨੂੰ ਸਾਡੀ ਹੋਂਦ ਵਿੱਚ ਕੁਦਰਤ ਦੇ ਯੋਗਦਾਨ ਦੀ ਯਾਦ ਦਿਵਾਉਂਦਾ ਹੈ।
ਬਿਹਾਰ ਅਤੇ ਪੂਰਵਾਂਚਲ ਤੋਂ ਪੰਜਾਬ ਆ ਕੇ ਵਸੇ ਲੋਕਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਸਾਡੇ ਪਰਵਾਸੀ ਭੈਣ-ਭਰਾ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ।"
ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਛਠ ਪੂਜਾ ਦੇ ਆਯੋਜਨ ਲਈ ਸੂਬੇ ਭਰ ਵਿੱਚ 104 ਥਾਵਾਂ ਦੀ ਪਛਾਣ ਕੀਤੀ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।