ਪਟਿਆਲਾ ’ਚ ਦਿਨ-ਦਿਹਾੜੇ ਕਾਰ ’ਤੇ ਤਾਬੜਤੋੜ ਫਾਇਰਿੰਗ, ਬੌਬੀ ਮਾਹੀ ਗੈਂਗ ਨੇ ਲਈ ਜ਼ਿੰਮੇਵਾਰੀ
ਪਟਿਆਲਾ ਦੇ ਭੀੜ-ਭੜੱਕੇ ਵਾਲੇ ਸਫਾਬਾਦੀ ਗੇਟ ਇਲਾਕੇ ਵਿੱਚ ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇੱਥੇ ਕਾਰ ਸਵਾਰ ਨੌਜਵਾਨਾਂ ’ਤੇ ਤਿੰਨ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ। ਕਾਰ ਸਵਾਰਾਂ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੌਰਾਨ ਗੈਂਗਸਟਰ ਬੌਬੀ ਮਾਹੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਾਰ ਸਵਾਰ ਸੁਖਵਿੰਦਰ ਸਿੰਘ ਉਰਫ਼ ਗਾਗੂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਘਰ ਦੀ ਗਲੀ ਦੇ ਬਾਹਰ ਕਾਰ ਵਿੱਚ ਬੈਠਾ ਸੀ ਅਤੇ ਕਿਤੇ ਜਾਣ ਲਈ ਨਿਕਲਣ ਹੀ ਵਾਲਾ ਸੀ। ਇਸੇ ਦੌਰਾਨ ਪਹਿਲਾਂ ਤੋਂ ਉੱਥੇ ਖੜ੍ਹੇ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗਾਗੂ ਮੁਤਾਬਕ, ਹਮਲਾ ਹੁੰਦਾ ਦੇਖ ਉਸ ਨੇ ਆਪਣਾ ਲਾਇਸੰਸੀ ਹਥਿਆਰ ਕੱਢਿਆ ਅਤੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ। ਜਵਾਬੀ ਗੋਲੀਬਾਰੀ ਤੋਂ ਬਾਅਦ ਹਮਲਾਵਰ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਪੁਰਾਣੀ ਰੰਜਿਸ਼ ਅਤੇ ਫਿਰੌਤੀ ਦਾ ਖਦਸ਼ਾ
ਸੁਖਵਿੰਦਰ ਸਿੰਘ ਉਰਫ਼ ਗਾਗੂ ਨੇ ਹਮਲੇ ਪਿੱਛੇ ਪੁਰਾਣੀ ਰੰਜਿਸ਼ ਅਤੇ ਫਿਰੌਤੀ ਦਾ ਖਦਸ਼ਾ ਜਤਾਇਆ ਹੈ। ਉਸ ਨੇ ਦੋਸ਼ ਲਗਾਇਆ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਬੌਬੀ ਮਾਹੀ ਅਤੇ ਰਵੀ ਮਾਹੀ ਨਾਮ ਦੇ ਵਿਅਕਤੀ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ ਅਤੇ ਫਿਰੌਤੀ ਦੀ ਮੰਗ ਕਰ ਰਹੇ ਹਨ। ਗਾਗੂ ਦਾ ਦਾਅਵਾ ਹੈ ਕਿ ਫਿਰੌਤੀ ਨਾ ਦੇਣ ਕਾਰਨ ਹੀ ਉਸ ’ਤੇ ਇਹ ਹਮਲਾ ਕਰਵਾਇਆ ਗਿਆ।
ਗਾਗੂ ਨੇ ਕਿਹਾ ਕਿ ਜੇਕਰ ਉਸ ਕੋਲ ਲਾਇਸੰਸੀ ਹਥਿਆਰ ਨਾ ਹੁੰਦਾ ਅਤੇ ਉਹ ਸਮੇਂ ਸਿਰ ਜਵਾਬੀ ਕਾਰਵਾਈ ਨਾ ਕਰਦਾ ਤਾਂ ਹਮਲਾਵਰ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਜਾਨੋਂ ਮਾਰ ਸਕਦੇ ਸਨ।
ਬੌਬੀ ਮਾਹੀ ਗੈਂਗ ਨੇ ਸੋਸ਼ਲ ਮੀਡੀਆ ’ਤੇ ਲਈ ਜ਼ਿੰਮੇਵਾਰੀ
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਗੈਂਗਸਟਰ ਬੌਬੀ ਮਾਹੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਫਾਇਰਿੰਗ ਰਾਹੀਂ ਚੇਤਾਵਨੀ ਦੇਣੀ ਸੀ, ਪਰ ਇਸ ਦੌਰਾਨ ਉਨ੍ਹਾਂ ਦੇ ਇੱਕ ਸਾਥੀ ਨੂੰ ਵੀ ਗੋਲੀ ਲੱਗ ਗਈ। ਪੋਸਟ ਵਿੱਚ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਬਦਲਾ ਲੈਣ ਦੀ ਗੱਲ ਵੀ ਕਹੀ ਗਈ ਹੈ। ਹਾਲਾਂਕਿ, ਪੀਟੀਸੀ ਨਿਊਜ਼ ਨੇ ਇਸ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।