ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਨੂੰ ਲਾਪਰਵਾਹੀ ਨਾਲ ਦਮਨਕਾਰੀ ਕਦਮ ਚੁੱਕਣ ਵਿਰੁੱਧ ਦਿੱਤੀ ਚੇਤਾਵਨੀ

Date: 12 December 2020
JASPREET SINGH, AMRITSAR
ਕਾਂਗਰਸ ਦੀਆਂ ਪਾੜੋ ਤੇ ਰਾਜ ਕਰੋ ਵਾਲੀਆਂ ਬਜ਼ਰ ਗਲੀਆਂ ਨਾ ਦੁਹਰਾਓ। ਅਜਿਹਾ ਕੁਝ ਨਾ ਕਰੋ ਜਿਸ ਨਾਲ ਕੌਮੀ ਏਕਤਾ ਕਮਜੋਰ ਹੋਵੇ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੋਵੇ ਜੋ ਕਿ ਪੰਜਾਬੀਆਂ ਖਾਸ ਤੌਰ 'ਤੇ ਅਕਾਲੀ ਦਲ ਨੇ ਵੱਡੀਆਂ ਕੁਰਬਾਨੀਆਂ ਦ ਕੇ ਹਾਸਲ ਕੀਤੀ। ਇਹ ਗੱਲ ਪਾਰਟੀ ਦੀ ਕੋਰ ਕਮੇਟੀ ਦੀ ਇਥੇ ਹੋਈ ਮੀਟਿੰਗ ਵਿਚ ਕਹੀ ਗਈ। ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਅਕਾਲੀ ਦਲ ਪਾਰਟੀ ਦੇ ਸ਼ਤਾਬਦੀ ਸਥਾਪਨਾ ਦਿਵਸ ਨੂੰ ਸੰਘਰਸ਼ ਸਮਰਪਣ ਦਿਵਸ ਵਜੋਂ ਸਰਬੱਤ ਦੇ ਭਲੇ ਵਾਸਤੇ ਮਨਾਏ ਜਿਸ ਵਿਚ ਵਿਸ਼ੇਸ਼ ਧਿਆਨ ਕਿਸਾਨ ਹਿੱਤਾਂ ਅਤੇ ਉਹਨਾਂ ਲਈ ਨਿਆਂ 'ਤੇ ਰਹੇਗਾ।

ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਹਰ ਕੀਮਤ 'ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਰਾਖੀ ਕਰੇਗਾ ਅਤੇ ਇਹਨਾਂ ਸਿਧਾਂਤਾਂ ਦੇ ਖਿਲਾਫ ਹਰ ਸਾਜ਼ਿਸ਼ ਨੁੰ ਮਾਤ ਪਾਵੇਗਾ। ਪਾਰਟੀ ਦਾ ਇਹ ਮੰਨਣਾ ਹੈ ਕਿ ਦੇਸ਼ ਸ਼ਾਂਤੀ, ਫਿਰਕੂ ਸਦਭਾਵਨਾ ਤੇ ਕੌਮੀ ਏਕਤਾ ਤੋਂ ਬਗੈਰ ਤਰੱਕੀ ਨਹੀਂ ਕਰ ਸਕਦਾ। ਸ੍ਰੀ ਬੈਂਸ ਨੇ ਕਿਹਾ ਕਿ ਮੰਦੇ ਭਾਗਾਂ ਨੁੰ ਕੁਝ ਲੋਕ ਇਸ ਸ਼ਾਂਤੀ ਤੇ ਸਦਭਾਵਨਾ ਤੋਂ ਖੁਸ਼ ਨਹੀਂ ਹਨ।

ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਦੇ ਖਿਲਾਫ ਅੜੀਅਲ ਸਟੈਂਡ ਨਾ ਲੈਣ ਲਈ ਆਖਦਿਆਂ ਅਕਾਲੀ ਦਲ ਦੇ ਮਤੇ ਵਿਚ ਕਿਹਾ ਗਿਆ ਕਿ ਜੇਕਰ ਸਰਕਾਰ ਪੁਰਾਣੇ ਐਕਟਾਂ ਦੀ ਹਰ ਧਾਰਾ ਬਦਲਣ ਲਈ ਤਿਆਰ ਹੈ ਤਾਂ ਫਿਰ ਉਹ ਇਹਨਾਂ ਸਾਰਿਆਂ ਨੂੰ ਖਾਰਜ ਕਰਨ ਵਾਸਤੇ ਤਿਆਰ ਕਿਉਂ ਨਹੀਂ ਹੈ ਜਦੋਂ ਕਿ ਤੁਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੋ ਤਾਂ ਫਿਰ ਸਾਰੀਆਂ ਮੰਗਾਂ ਨਵੇਂ ਐਕਟ ਵਿਚ ਸ਼ਾਮਲ ਕਰ ਕੇ ਇਹ ਬਹਿਸ ਹਮੇਸ਼ਾ ਲਈ ਖਤਮ ਕਿਉਂ ਨਹੀਂ ਕਰਦੇ ?

ਪਾਰਟੀ ਨੇ ਦੇਸ਼ ਭਗਤ ਕਿਸਾਨਾਂ ਦੇ ਅੰਦਲਨ ਨੂੰ ਫਿਰਕੂ ਤੇ ਵੱਖਵਾਦੀ ਰੰਗਾਂ ਵਿਚ ਰੰਗਣ ਦੀ ਸਾਜ਼ਿਸ਼ ਦੀ ਜ਼ੋਰਦਾਰ ਨਿਖੇਧੀ ਕੀਤੀ। ਇਹ ਅੰਦੋਲਨ ਨਾ ਸਿਰਫ ਸ਼ਾਂਤੀਪੂਰਨ ਤੇ ਲੋਕਤੰਤਰੀ ਹੈ ਬਲਕਿ ਇਹ ਪੂਰੀ ਤਰ੍ਹਾਂ ਧਰਮ ਨਿਰਪੱਖ, ਰਾਸ਼ਟਰਵਾਦੀ ਅਤੇ ਦੇਸ਼ਭਗਤੀ ਭਰਿਆ ਹੈ। ਰੋਸ ਵਿਖਾਵਾ ਕਰਨ ਵਾਲਿਆਂ ਵਿਚੋਂ ਵੱਡੀ ਗਿਣਤੀ ਦੇ ਪੁੱਤਰ ਇਸ ਵੇਲੇ ਚੀਨ ਅਤੇ ਪਾਕਿਸਤਾਨ ਦੇ ਖਿਲਾਫ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਹ ਅਜਿਹੇ ਪਰਿਵਾਰਾਂ ਤੋਂ ਹਨ ਜਿਹਨਾਂ ਨੇ ਦੇਸ਼ ਦੀ ਰਾਖੀ ਵਾਸਤੇ 1948, 1965 ਅਤੇ 1971, ਕਾਰਗਿਲ ਜੰਗ ਤੇ ਹੁਣ ਲੱਦਾਖ ਵਿਚ ਗਲਵਾਨ ਵਿਖੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਕੁਝ ਦਿਨ ਪਹਿਲਾਂ ਹੀ ਤਰਨਤਾਰਨ ਦੇ ਕਿਸਾਨ ਦੇ ਨੌਜਵਾਨ ਪੁੱਤਰ ਨੇ ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਘੁਸਪੈਠ ਰੋਕਣ ਵੇਲੇ ਪਾਕਿਸਤਾਨ ਨਾਲ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਹੈ।

ਮਤੇ ਵਿਚ ਹਿੰਦੂਆਂ ਅਤੇ ਸਿੱਖਾਂ ਅਤੇ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਵੰਡ ਪਾਉਣ ਲਈ ਡੂੰਘੀ ਸਾਜ਼ਿਸ਼ ਰਚੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਇਸਦੀ ਨਿਖੇਧੀ ਕੀਤੀ ਗਈ। ਇਹ ਇਕ ਦੇਸ਼ ਵਿਰੋਧੀ ਸਾਜ਼ਿਸ਼ ਹੈ ਅਤੇ ਅਕਾਲੀ ਦਲ ਆਪਣੇ ਸਾਰੇ ਸਰੋਤ ਲਗਾ ਕੇ ਇਸਦੇ ਖਿਲਾਫ ਲੜਾਈ ਲੜੇਗਾ।

ਕਿਸਾਨ ਅੰਦੋਲਨ ਲੋਕਾਂ ਦਾ ਅੰਦੋਲਨ ਹੈ ਜੋ ਪੂਰੀ ਤਰ੍ਹਾਂ ਸ਼ਾਂਤੀਪੂਰਨ, ਲੋਕਤੰਤਰੀ ਅਤੇ ਧਰਮ ਨਿਰਪੱਖ ਅੰਦੋਲਨ ਹੈ। ਭਾਰਤ ਬੰਦ ਨੁੰ ਸਮਾਜ ਦੇ ਹਰ ਵਰਗ ਤੋਂ ਮਿਲੀ ਹਮਾਇਤ ਇਸ ਗੱਲ ਦਾ ਪ੍ਰਤੱਖ ਸਬੂਤ ਹੈ।

ਕੋਰ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਨਾਲ ਗੁਪਤ ਸਾਂਝ ਤਹਿਤ ਕਿਸਾਨ ਅੰਦੋਲਨ ਨੁੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਦਿਆਂ ਧਰੋਹ ਕਮਾਉਣ ਵਾਲੀ ਭੂਮਿਕਾ ਦੀ ਵੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਇਹ ਕੇਂਦਰ ਵਿਚ ਸੱਤਾਧਾਰੀਆਂ ਨਾਲ ਗੁਪਤ ਮੀਟਿੰਗਾਂ ਕਰਦੇ ਰਹੇ ਅਤੇ ਉਹਨਾਂ ਦਾ ਇਕੋ ਯੋਗਦਾਨ ਇਹ ਹੈ ਕਿ ਫੁੱਟ ਪਾਉਣ ਲਈ ਉਹਨਾਂ ਪੂਰਾ ਜ਼ੋਰ ਲਗਾਇਆ। ਕਮੇਟੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਖੇਤੀਬਾੜੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੋਲ ਕੇਂਦਰ ਨੁੰ ਸਲਾਹ ਦੇਣ ਵਾਸਤੇ ਕੋਈ ਸ਼ਬਦ ਨਹੀਂ ਹੈ ਅਤੇ ਉਹ ਕਿਸਾਨਾਂ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀਆਂ ਨਸੀਹਤਾਂ ਦੇ ਰਹੇ ਹਨ।

ਪਾਰਟੀ ਨੇ ਕਿਹਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕਿਸਾਨੀ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦੀ ਹੈ ।ਇਹ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਲੋਕਤੰਤਰੀ ਕਿਸਮ ਦਾ ਅੰਦੋਲਨ ਹੈ ਜਿਸਨੇ ਸਾਬਤ ਕੀਤਾ ਕਿ ਕਿਸਾਨ ਦੇਸ਼ ਪ੍ਰਤੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਸਜਗ ਹੈ। ਪਾਰਟੀ ਨੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਉਹ ਅੰਦੋਲਨ ਦੀ ਸਫਲਤਾ ਲਈ ਯਤਨ ਹੋਰ ਤੇਜ਼ ਕਰ ਦੇਣ।

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਡਾ. ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਅਵਤਾਰ ਸਿੰਘ ਹਿੱਤ ਅਤੇ ਬਲਦੇਵ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com