ਯੂਰਪ ਦੇ 7 ਦੇਸ਼ਾਂ ਦੇ ਸੁਪਰਮਾਰਕੀਟਾਂ ’ਤੇ ਸਾਈਬਰ ਹਮਲਾ, ਫਰਿੱਜਾਂ ਦਾ ਤਾਪਮਾਨ ਵਧਣ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਖਰਾਬ
ਯੂਰਪ ਦੇ 7 ਦੇਸ਼ਾਂ ਵਿੱਚ ਸੁਪਰਮਾਰਕੀਟਾਂ ਦੇ ਫਰਿੱਜਾਂ ਅਤੇ ਫ੍ਰੀਜ਼ਰਾਂ ਨੂੰ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਹੈ। ਹੈਕਰਾਂ ਨੇ ਆਨਲਾਈਨ ਸਿਸਟਮ ਵਿੱਚ ਸੰਨ੍ਹ ਲਗਾ ਕੇ ਫਰਿੱਜਾਂ ਅਤੇ ਫ੍ਰੀਜ਼ਰਾਂ ਦਾ ਤਾਪਮਾਨ ਵਧਾ ਦਿੱਤਾ, ਜਿਸ ਕਾਰਨ ਦੁੱਧ, ਮਾਸ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਹੋ ਗਈਆਂ।
ਇਨ੍ਹਾਂ ਘਟਨਾਵਾਂ ਦੀ ਰਿਪੋਰਟ ਬੈਲਜੀਅਮ, ਸਵੀਡਨ, ਨੀਦਰਲੈਂਡ, ਐਸਟੋਨੀਆ, ਲਕਸਮਬਰਗ, ਫਿਨਲੈਂਡ ਅਤੇ ਆਇਰਲੈਂਡ ਵਿੱਚ ਸਾਹਮਣੇ ਆਈ ਹੈ। ਬੈਲਜੀਅਮ ਦੇ ਕੁਝ ਸਟੋਰਾਂ ਵਿੱਚ ਫਰਿੱਜਾਂ ਦਾ ਤਾਪਮਾਨ 70 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਐਤਵਾਰ ਰਾਤ ਅਤੇ ਸੋਮਵਾਰ ਸਵੇਰ ਵਿਚਾਲੇ ਹੋਏ ਸਾਈਬਰ ਹਮਲੇ
ਯੂਰੋਨਿਊਜ਼ ਦੇ ਅਨੁਸਾਰ, ਇਹ ਸਾਈਬਰ ਹਮਲੇ ਐਤਵਾਰ ਰਾਤ ਅਤੇ ਸੋਮਵਾਰ ਸਵੇਰ ਦੇ ਵਿਚਕਾਰ ਹੋਏ। ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਫਰਾਂਸ ਵਿੱਚ ਵੀ ਸੈਂਕੜੇ ਸੁਪਰਮਾਰਕੀਟਾਂ ’ਤੇ ਇਸੇ ਤਰ੍ਹਾਂ ਦਾ ਹਮਲਾ ਹੋਇਆ ਸੀ।
ਇੰਟਰਨੈੱਟ ਰਾਹੀਂ ਕੰਟਰੋਲ ਕੀਤੇ ਜਾ ਸਕਦੇ ਹਨ ਫਰਿੱਜ ਅਤੇ ਫ੍ਰੀਜ਼ਰ
ਸੁਪਰਮਾਰਕੀਟਾਂ ਵਿੱਚ ਵਰਤੇ ਜਾਣ ਵਾਲੇ ਫਰਿੱਜਾਂ ਅਤੇ ਫ੍ਰੀਜ਼ਰਾਂ ਨੂੰ ਇੰਟਰਨੈੱਟ ਰਾਹੀਂ ਦੂਰ ਬੈਠੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਸਿਸਟਮ ਵਿੱਚ ਕਿਸੇ ਖਰਾਬੀ ਜਾਂ ਸਾਈਬਰ ਹੈਕਿੰਗ ਕਾਰਨ ਸਟੋਰ ਵਿੱਚ ਰੱਖਿਆ ਸਾਰਾ ਖਾਧ ਪਦਾਰਥਾਂ ਦਾ ਸਟਾਕ ਖਰਾਬ ਹੋ ਸਕਦਾ ਹੈ।