ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲੀਸ ਨੇ 19 ਮਹੀਨਿਆਂ ’ਚ 81,107 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, 4,161 ਕਿਲੋ ਹੈਰੋਇਨ ਬਰਾਮਦ
ਪੰਜਾਬ ਪੁਲੀਸ ਨੇ ਸੂਬੇ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 19 ਮਹੀਨੇ ਪੂਰੇ ਹੋਣ ’ਤੇ ਕਾਰਵਾਈ ਦੇ ਅੰਕੜੇ ਜਾਰੀ ਕੀਤੇ ਹਨ। ਪੁਲੀਸ ਮੁਤਾਬਕ 1 ਮਾਰਚ, 2023 ਤੋਂ ਹੁਣ ਤੱਕ 63,616 ਐੱਫ ਆਈ ਆਰ ਦਰਜ ਕਰਕੇ 81,107 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 4,161 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਪੰਜਾਬ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਹੈਰੋਇਨ ਤੋਂ ਇਲਾਵਾ ਪੁਲੀਸ ਨੇ 10 ਕੁਇੰਟਲ ਅਫ਼ੀਮ, 476 ਕੁਇੰਟਲ ਭੁੱਕੀ, 130 ਕਿਲੋ ਚਰਸ, 1,747 ਕਿਲੋ ਗਾਂਜਾ ਅਤੇ 77 ਕਿਲੋ ਆਈ ਸੀ ਈ (ICE) ਵੀ ਜ਼ਬਤ ਕੀਤੀ ਹੈ।
ਇਸੇ ਕਾਰਵਾਈ ਦੌਰਾਨ 65.75 ਲੱਖ ਨਸ਼ੀਲੀਆਂ ਗੋਲੀਆਂ ਅਤੇ 22.2 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਵੀ ਕਾਰਵਾਈ
ਇਸੇ ਦੌਰਾਨ ਪੁਲੀਸ ਟੀਮਾਂ ਨੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ 254ਵੇਂ ਦਿਨ ਵੀ ਕਾਰਵਾਈ ਜਾਰੀ ਰੱਖੀ। ਪੁਲੀਸ ਨੇ 543 ਛਾਪੇਮਾਰੀਆਂ ਕਰਕੇ 13 ਹਥਿਆਰਾਂ ਸਮੇਤ 248 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਮੁਤਾਬਕ 163 ਵਿਅਕਤੀਆਂ ਵਿਰੁੱਧ ਰੋਕਥਾਮ ਵਾਲੀ ਕਾਰਵਾਈ ਕੀਤੀ ਗਈ, ਜਦਕਿ ਅੱਠ ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ।
ਐਂਟੀ ਗੈਂਗਸਟਰ ਹੈਲਪਲਾਈਨ ’ਤੇ ਗੁਪਤ ਸੂਚਨਾ ਦੇਣ ਦੀ ਅਪੀਲ
ਪੰਜਾਬ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਐਂਟੀ ਗੈਂਗਸਟਰ ਹੈਲਪਲਾਈਨ’ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਗੁਪਤ ਰੂਪ ਵਿੱਚ ਰਿਪੋਰਟ ਕਰ ਸਕਦੇ ਹਨ। ਪੁਲੀਸ ਨੇ ਕਿਹਾ ਕਿ ਇਸ ਨੰਬਰ ’ਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ।