ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਨੈਤਿਕ ਪ੍ਰੀਖਿਆ ਲਈ 950 ਕੇਂਦਰ ਸਜਾਏ ਗਏ
- ਪੰਜਾਬ
- 24 Oct,2025
ਸਿੱਖ ਮਿਸ਼ਨਰੀ ਕਾਲਜ (ਰਜਿ.) ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਅਕਤੂਬਰ 2025 (ਸ਼ਨੀਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਧਾਰਮਿਕ ਤੇ ਨੈਤਿਕ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਹ ਪ੍ਰੀਖਿਆ ਵਿਦਿਆਰਥੀਆਂ ਵਿੱਚ ਨੈਤਿਕਤਾ, ਧਰਮ ਅਤੇ ਚੰਗੇ ਜੀਵਨ ਮੁੱਲਾਂ ਦੀ ਪ੍ਰੇਰਣਾ ਦੇਣ ਦੇ ਉਦੇਸ਼ ਨਾਲ ਕਰਵਾਈ ਜਾਂਦੀ ਹੈ।
ਪ੍ਰੀਖਿਆ ਨੂੰ ਪੰਜ ਵੱਖ ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਹੈ:
• ਜ਼ੀਰੋ ਗਰੁੱਪ: ਕੇਜੀ ਤੋਂ ਦੂਜੀ ਕਲਾਸ ਤੱਕ
• ਪਹਿਲਾ ਗਰੁੱਪ: ਤੀਜੀ ਤੋਂ ਪੰਜਵੀਂ
• ਦੂਜਾ ਗਰੁੱਪ: ਛੇਵੀਂ ਤੋਂ ਅੱਠਵੀਂ
• ਤੀਜਾ ਗਰੁੱਪ: ਨੌਵੀਂ ਤੋਂ ਬਾਹਰਵੀਂ
• ਚੌਥਾ ਗਰੁੱਪ: ਸਰਬੱਤ ਸੰਗਤ ਲਈ ਖੁੱਲਾ
ਇਹ ਸਿੱਖਿਆ ਵਿਦਿਆਰਥੀਆਂ ਤੱਕ ਸਕੂਲਾਂ, ਗੁਰਦੁਆਰਿਆਂ ਅਤੇ ਆਨਲਾਈਨ ਕਲਾਸਾਂ ਰਾਹੀਂ ਪਹੁੰਚਾਈ ਜਾਂਦੀ ਹੈ। ਇਸ ਸਾਲ 84,747 ਵਿਦਿਆਰਥੀ ਪ੍ਰੀਖਿਆ ਵਿੱਚ ਭਾਗ ਲੈਣਗੇ, ਜਦਕਿ ਪਿਛਲੇ ਸਾਲ ਇਹ ਗਿਣਤੀ 75,893 ਸੀ।
950 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ 1500 ਤੋਂ ਵੱਧ ਸਕੂਲ ਸ਼ਾਮਿਲ ਹਨ। ਵਿਦਿਆਰਥੀਆਂ ਦੀ ਪ੍ਰੀਖਿਆ ਦੀ ਸੰਚਾਲਨਾ ਲਈ ਲਗਭਗ 7 ਹਜ਼ਾਰ ਸੁਪਰਵਾਈਜ਼ਰ ਅਤੇ ਸੁਪਰਡੈਂਟ ਨਿਸ਼ਕਾਮ ਸੇਵਾ ਨਿਭਾਉਣਗੇ।
ਪੰਜਾਬ ਤੋਂ ਇਲਾਵਾ ਝਾਰਖੰਡ, ਉੱਤਰਾਖੰਡ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਛੱਤੀਸਗੜ੍ਹ ਅਤੇ ਪਛਮੀ ਬੰਗਾਲ ਤੋਂ ਵੀ ਵਿਦਿਆਰਥੀ ਭਾਗ ਲੈਣਗੇ।
ਪ੍ਰੀਖਿਆ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਕਦ ਇਨਾਮ ਸਮੇਤ ਲਗਭਗ 20 ਲੱਖ ਰੁਪਏ ਦੇ ਇਨਾਮ ਵੰਡੇ ਜਾਣਗੇ।
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਜੋ ਕਿ 1980 ਤੋਂ ਗੁਰਮਤ ਦੇ ਪ੍ਰਚਾਰ ਵਿਚ ਲਗਾਤਾਰ ਸੇਵਾ ਕਰ ਰਹੀ ਹੈ, ਇਸ ਸਮੇਂ 460 ਸਰਕਲਾਂ ਰਾਹੀਂ ਸਰਗਰਮ ਹੈ। ਇਨ੍ਹਾਂ ਦੀਆਂ ਮੁਹਿੰਮਾਂ ਵਿੱਚ ਮਾਸਿਕ ਪੱਤਰ ‘ਸਿੱਖ ਫੁਲਵਾੜੀ’ ਅਤੇ ਦੋ ਸਾਲਾ ਧਾਰਮਿਕ ਕੋਰਸ ਵੀ ਸ਼ਾਮਿਲ ਹਨ ਜੋ ਨੈਤਿਕ ਤੇ ਧਾਰਮਿਕ ਸਿੱਖਿਆ ਨੂੰ ਅੱਗੇ ਵਧਾ ਰਹੇ ਹਨ।
Posted By:
Gurjeet Singh