Punjab Infoline

ਪੰਜਾਬੀ

Microsoft Server Outage: ਮਾਈਕ੍ਰੋਸਾਫਟ ਦੀਆਂ ਸੇਵਾਵਾਂ 5 ਘੰਟਿਆਂ ਤੋਂ ਵੱਧ ਰਹੀਆਂ ਠੱਪ, Outlook ਤੇ Teams ਸਮੇਤ AI ਪਲੇਟਫਾਰਮ ਪ੍ਰਭਾਵਿਤ

13 Nov, 2026 08:32 AM

ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀਰਵਾਰ ਨੂੰ ਵੱਡੀ ਤਕਨੀਕੀ ਖ਼ਰਾਬੀ ਆ ਗਈ। ਇਸ ਕਾਰਨ Outlook, Teams ਅਤੇ ਹੋਰ Microsoft 365 ਐਪਲੀਕੇਸ਼ਨਾਂ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਪ੍ਰਭਾਵਿਤ ਰਹੀਆਂ। ਵਿਸ਼ਵਵਿਆਪੀ ਪੱਧਰ ’ਤੇ ਆਈ ਇਸ ਰੁਕਾਵਟ ਕਾਰਨ ਹਜ਼ਾਰਾਂ ਵਰਤੋਂਕਾਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ। ਇਸ ਦਾ ਅਸਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸੇਵਾਵਾਂ OpenAI ਅਤੇ Anthropic ਵੱਲੋਂ ਵਰਤੇ ਜਾਂਦੇ ਕਨੈਕਟਰਾਂ ’ਤੇ ਵੀ ਪਿਆ।

ਔਨਲਾਈਨ ਸੇਵਾਵਾਂ ਦੀ ਸਥਿਤੀ ’ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮ Downdetector ਮੁਤਾਬਕ, ਦੁਪਹਿਰ 1 ਵਜੇ ਦੇ ਕਰੀਬ Outlook ਵਿੱਚ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਦੀ ਗਿਣਤੀ ਵਧ ਕੇ 1,38,058 ਤੱਕ ਪਹੁੰਚ ਗਈ ਸੀ। ਸ਼ਾਮ ਤੱਕ ਇਹ ਗਿਣਤੀ ਘਟ ਕੇ ਲਗਭਗ 34,490 ਰਹਿ ਗਈ। ਇਸੇ ਤਰ੍ਹਾਂ ਸ਼ਾਮ 5:47 ਵਜੇ ਤੱਕ Microsoft 365 ਸਬੰਧੀ ਸ਼ਿਕਾਇਤਾਂ ਘਟ ਕੇ ਕਰੀਬ 13,000 ਰਹਿ ਗਈਆਂ, ਜਦਕਿ 763 ਵਰਤੋਂਕਾਰਾਂ ਨੇ Teams ਐਪ ਚਲਾਉਣ ਵਿੱਚ ਮੁਸ਼ਕਲ ਆਉਣ ਦੀ ਰਿਪੋਰਟ ਦਿੱਤੀ।

ਕਿਉਂ ਠੱਪ ਹੋਈਆਂ ਮਾਈਕ੍ਰੋਸਾਫਟ ਦੀਆਂ ਸੇਵਾਵਾਂ?

ਮਾਈਕ੍ਰੋਸਾਫਟ ਨੇ ਸਪੱਸ਼ਟ ਕੀਤਾ ਕਿ ਇਹ ਤਕਨੀਕੀ ਵਿਘਨ ਟਰੈਫਿਕ ਵਧਣ ਕਾਰਨ ਨਹੀਂ, ਸਗੋਂ ਵਧੇ ਹੋਏ ਲੋਡ ਦੌਰਾਨ ਕਈ ਸਰਵਰਾਂ ਦੇ ਅਚਾਨਕ ਬੰਦ ਹੋਣ ਕਾਰਨ ਪੈਦਾ ਹੋਇਆ। ਕੰਪਨੀ ਦੇ ਬੁਲਾਰੇ ਅਨੁਸਾਰ, ਮੁੱਖ ਤੌਰ ’ਤੇ Exchange Online ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

ਕੰਪਨੀ ਵੱਲੋਂ ਟਰੈਫਿਕ ਨੂੰ ਬਦਲਵੇਂ ਰੂਟਾਂ ’ਤੇ ਤਬਦੀਲ ਕਰਨ ਅਤੇ ਪ੍ਰਭਾਵਿਤ ਸਰਵਰਾਂ ਨੂੰ ਮੁੜ ਔਨਲਾਈਨ ਲਿਆਉਣ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਗਏ। ਇਸ ਤੋਂ ਬਾਅਦ ਵਰਤੋਂਕਾਰਾਂ ਨੂੰ ਹੌਲੀ-ਹੌਲੀ ਰਾਹਤ ਮਿਲਣੀ ਸ਼ੁਰੂ ਹੋ ਗਈ।

OpenAI ਅਤੇ Anthropic ਦੇ ਕਨੈਕਟਰ ਵੀ ਹੋਏ ਪ੍ਰਭਾਵਿਤ

ਇਸ ਤਕਨੀਕੀ ਖ਼ਰਾਬੀ ਦਾ ਕਾਰੋਬਾਰੀ ਗਤੀਵਿਧੀਆਂ ’ਤੇ ਵੀ ਸਿੱਧਾ ਅਸਰ ਪਿਆ। OpenAI ਅਤੇ Anthropic ਦੋਵਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ Microsoft ਕਨੈਕਟਰ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਕਈ ਟੂਲ ਸਹੀ ਢੰਗ ਨਾਲ ਕੰਮ ਨਹੀਂ ਕਰ ਸਕੇ।

ਦੂਜੇ ਪਾਸੇ, ਇਲੈਕਟ੍ਰਿਕ ਟਰੱਕ ਨਿਰਮਾਤਾ ਕੰਪਨੀ Workhorse Group ਨੂੰ ਵੀ ਇਸ ਵਿਘਨ ਕਾਰਨ ਆਪਣੀ ਤੀਜੀ ਤਿਮਾਹੀ ਦੇ ਵਿੱਤੀ ਨਤੀਜੇ ਮੁਲਤਵੀ ਕਰਨੇ ਪਏ। ਕੰਪਨੀ ਨੇ ਇਹ ਨਤੀਜੇ 12 ਨਵੰਬਰ ਨੂੰ ਐਲਾਨਣੇ ਸਨ, ਪਰ ਹੁਣ ਇਨ੍ਹਾਂ ਨੂੰ 16 ਨਵੰਬਰ ਤੱਕ ਟਾਲ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਮਾਈਕ੍ਰੋਸਾਫਟ ਦੇ Azure ਕਲਾਊਡ ਪਲੇਟਫਾਰਮ ਵਿੱਚ ਤਕਨੀਕੀ ਖ਼ਰਾਬੀ ਆਈ ਸੀ, ਜਿਸ ਕਾਰਨ ਦੁਨੀਆ ਭਰ ਦੇ ਕਈ ਉਦਯੋਗ ਪ੍ਰਭਾਵਿਤ ਹੋਏ ਸਨ।

Latest News