Punjab Infoline

ਪੰਜਾਬੀ

ਖੇਤਾਂ ਵਿੱਚ ਲਿਆਂਦੀ ਗਈ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ, ਕੁਝ ਹੀ ਦੇਰ ’ਚ ਹੋਵੇਗਾ ਅੰਤਿਮ ਸੰਸਕਾਰ

08 Nov, 2026 01:58 PM

Parvinder Jhota Cremation: ਨਸ਼ਿਆਂ ਅਤੇ ਡਰੱਗ ਮਾਫੀਆ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਅੱਜ ਚਕੇਰੀਆਂ ਸੜਕ ’ਤੇ ਸਥਿਤ ਉਨ੍ਹਾਂ ਦੇ ਖੇਤਾਂ ਵਿੱਚ ਲਿਆਂਦੀ ਗਈ, ਜਿੱਥੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੇਹ ਖੇਤ ਵਿੱਚ ਪਹੁੰਚਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ, ਸਮਰਥਕ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਹਨ।

ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਪੁੱਜੇ ਲੋਕ

ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਲੋਕਾਂ ਦਾ ਇਕੱਠ ਵਧਣਾ ਸ਼ੁਰੂ ਹੋ ਗਿਆ। ਲੋਕ ਆਪਣੇ ਚਹੇਤੇ ਆਗੂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਮੌਕੇ ’ਤੇ ਮਾਹੌਲ ਕਾਫ਼ੀ ਭਾਵੁਕ ਬਣਿਆ ਹੋਇਆ ਹੈ ਅਤੇ ਲੋਕ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ।

ਪਰਿਵਾਰ ਅਤੇ ਸਮਰਥਕਾਂ ਵੱਲੋਂ ਅੰਤਿਮ ਰਸਮਾਂ ਨਿਭਾਏ ਜਾਣ ਤੋਂ ਬਾਅਦ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਰਿਵਾਰ ਨੇ ਝੋਟੇ ਨੂੰ ਦੱਸਿਆ ਪੰਜਾਬ ਦਾ ਯੋਧਾ

ਇਸ ਤੋਂ ਪਹਿਲਾਂ ANI ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਪਰਵਿੰਦਰ ਝੋਟਾ ਨੂੰ ਅਜਿਹਾ ਯੋਧਾ ਦੱਸਿਆ, ਜਿਸ ਨੇ ਪੰਜਾਬ ਦੇ ਲੋਕਾਂ ਅਤੇ ਸਮਾਜ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਨੀ ਚਾਹੀਦੀ ਹੈ।

ਅੰਤਿਮ ਸੰਸਕਾਰ ਦੀਆਂ ਤਿਆਰੀਆਂ ਦੌਰਾਨ ਪਰਿਵਾਰਕ ਮੈਂਬਰ ਨੇ ਭਾਵੁਕ ਹੁੰਦਿਆਂ ਕਿਹਾ, "ਸਾਡਾ ਯੋਧਾ ਆ ਰਿਹਾ ਹੈ। ਆਮ ਤੌਰ 'ਤੇ ਲੋਕ ਸੋਗ ਮਨਾਉਂਦੇ ਹਨ, ਪਰ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਅਸੀਂ ਉਸ ਕੌਮ ਨਾਲ ਸਬੰਧ ਰੱਖਦੇ ਹਾਂ ਜਿਨ੍ਹਾਂ ਨੂੰ ਚਰਖੜੀਆਂ 'ਤੇ ਚਾੜ੍ਹਿਆ ਗਿਆ, ਦੇਗਾਂ ਵਿੱਚ ਉਬਾਲਿਆ ਗਿਆ ਅਤੇ ਆਰਿਆਂ ਨਾਲ ਚੀਰਿਆ ਗਿਆ। ਉਹ ਸਾਡਾ ਯੋਧਾ ਹੈ।"

ਇੱਕ ਹੋਰ ਰਿਸ਼ਤੇਦਾਰ ਜਸਪਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ 'ਸ਼ਹੀਦ' ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਸਤਿਕਾਰ ਵਜੋਂ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।

ਅੰਤਿਮ ਯਾਤਰਾ ਦੌਰਾਨ ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ

ਜਦੋਂ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਧਰਨਾ ਸਥਾਨ ਵੱਲ ਲਿਆਂਦੀ ਜਾ ਰਹੀ ਸੀ ਤਾਂ ਰਸਤੇ ਵਿੱਚ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਲੋਕਾਂ ਦਾ ਵੱਡਾ ਕਾਫ਼ਲਾ ਮ੍ਰਿਤਕ ਦੇਹ ਲਿਜਾਣ ਵਾਲੇ ਵਾਹਨ ਦੇ ਪਿੱਛੇ ਚੱਲਦਾ ਰਿਹਾ।

ਪਿਤਾ ਭੀਮ ਸਿੰਘ ਦੀ ਨੌਜਵਾਨਾਂ ਨੂੰ ਭਾਵੁਕ ਅਪੀਲ

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਪਵਿੱਤਰ ਮੌਕੇ ਹਰ ਨੌਜਵਾਨ ਨਸ਼ਿਆਂ ਨੂੰ ਤਿਆਗਣ ਅਤੇ ਇਨ੍ਹਾਂ ਤੋਂ ਦੂਰ ਰਹਿਣ ਦਾ ਪ੍ਰਣ ਲਵੇ। ਉਨ੍ਹਾਂ ਕਿਹਾ ਕਿ ਇਹੀ ਉਨ੍ਹਾਂ ਦੇ ਪੁੱਤਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਇਸ ਮੌਕੇ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਹੁਣ ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਪੰਜਾਬ ਦੇ ਹਰ ਨੌਜਵਾਨ ਦੀ ਹੈ। ਉਨ੍ਹਾਂ ਮੁਤਾਬਕ ਦੀਵਾਲੀ ਦੀ ਖ਼ੁਸ਼ੀ ਉਦੋਂ ਹੀ ਸਾਰਥਕ ਹੋਵੇਗੀ, ਜਦੋਂ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਮੁਕਤ ਹੋਣ ਦਾ ਸੰਕਲਪ ਲਵੇਗੀ।

13 ਅਕਤੂਬਰ ਨੂੰ ਹੋਇਆ ਸੀ ਪਰਵਿੰਦਰ ਝੋਟਾ ਦਾ ਕਤਲ

ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ 'ਤੇ ਗੋਲੀ ਮਾਰ ਕੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਕਰੀਬ 26 ਦਿਨਾਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। CBI ਨੇ ਵੀ ਇਸ ਕਤਲ ਕੇਸ ਨੂੰ ਮੁੜ ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਰਗੇ ਆਗੂਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਸਵਾਲ ਚੁੱਕੇ ਹਨ।

Latest News