ਪਰਵਿੰਦਰ ਸਿੰਘ ਝੋਟੇ ਦਾ ਅੱਜ ਮਾਨਸਾ ਵਿੱਚ ਹੋਵੇਗਾ ਅੰਤਿਮ ਸਸਕਾਰ, 26 ਦਿਨਾਂ ਬਾਅਦ PGI 'ਚ ਹੋਇਆ ਪੋਸਟਮਾਰਟਮ
ਮਾਨਸਾ: ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਬੀਤੇ ਦਿਨ ਸ਼ਨੀਵਾਰ, 7 ਨਵੰਬਰ ਨੂੰ PGI ਚੰਡੀਗੜ੍ਹ ਵਿੱਚ ਹੋ ਗਿਆ। ਹੁਣ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਦੁਪਹਿਰ 1 ਵਜੇ ਦੇ ਕਰੀਬ ਮਾਨਸਾ ਵਿੱਚ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਅੰਤਿਮ ਸਸਕਾਰ ਤੋਂ ਪਹਿਲਾਂ ਪਰਵਿੰਦਰ ਸਿੰਘ ਝੋਟਾ ਦੀ ਦੇਹ ਨੂੰ ਉਨ੍ਹਾਂ ਦੇ ਪੁਸ਼ਤੈਨੀ ਘਰ ਵਿੱਚ ਕੁਝ ਸਮੇਂ ਲਈ ਅੰਤਿਮ ਦਰਸ਼ਨਾਂ ਵਾਸਤੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਦੇਹ ਨੂੰ ਟਰੈਕਟਰ-ਟਰਾਲੀ ਰਾਹੀਂ ਅੰਤਿਮ ਸਸਕਾਰ ਲਈ ਖੇਤਾਂ ਤੱਕ ਲਿਜਾਇਆ ਜਾਵੇਗਾ।
13 ਅਕਤੂਬਰ ਨੂੰ ਗੋਲੀ ਮਾਰ ਕੇ ਕੀਤੀ ਗਈ ਸੀ ਹੱਤਿਆ
ਜ਼ਿਕਰਯੋਗ ਹੈ ਕਿ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ 26ਵੇਂ ਦਿਨ 7 ਨਵੰਬਰ ਨੂੰ PGI ਚੰਡੀਗੜ੍ਹ ਵਿਖੇ ਪੂਰੀ ਹੋਈ।