ਬੰਬੇ ਹਾਈ ਕੋਰਟ ਨੂੰ ਧਮਕੀ ਭਰੀ ਈਮੇਲ, ਅਮਿਤਾਭ ਬੱਚਨ ਦੇ ‘ਜਲਸਾ’ ਸਮੇਤ 4 ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਮੁੰਬਈ ਸਥਿਤ ਬੰਗਲੇ ‘ਜਲਸਾ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਵਿੱਚ ਬੰਬੇ ਹਾਈ ਕੋਰਟ, ਬੰਬੇ ਸਟਾਕ ਐਕਸਚੇਂਜ (BSE), ਵਰਲੀ ਰੇਸਕੋਰਸ ਅਤੇ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪੁਲਿਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਵੀ ਜਾਰੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਬੁਲੇਟ-ਪਰੂਫ ਸ਼ੀਸ਼ੇ ਪਿੱਛੇ ਖੜ੍ਹੇ ਹੋ ਕੇ ਪ੍ਰਸ਼ੰਸਕਾਂ ਨੂੰ ਮਿਲੇ ਸਨ ਅਮਿਤਾਭ
ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਮਿਤਾਭ ਬੱਚਨ ਹਰ ਐਤਵਾਰ ਦੀ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਘਰੋਂ ਬਾਹਰ ਆਏ ਸਨ। ਹਾਲਾਂਕਿ, ਇਸ ਵਾਰ ਉਹ ਬੁਲੇਟ-ਪਰੂਫ ਸ਼ੀਸ਼ੇ ਦੇ ਪਿੱਛੇ ਦਿਖਾਈ ਦਿੱਤੇ ਸਨ।
1 ਨਵੰਬਰ ਨੂੰ ਅਮਿਤਾਭ ਬੱਚਨ ਆਪਣੇ ਘਰ ਦੇ ਬਾਹਰ ਬੁਲੇਟ-ਪਰੂਫ ਸ਼ੀਸ਼ੇ ਦੇ ਕੈਬਿਨੇਟ ਪਿੱਛੇ ਖੜ੍ਹੇ ਹੋ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ ਸਨ। ਸੁਰੱਖਿਆ ਸਬੰਧੀ ਚਿੰਤਾਵਾਂ ਦੇ ਬਾਵਜੂਦ ਉਨ੍ਹਾਂ ਨੇ ਦਹਾਕਿਆਂ ਪੁਰਾਣੀ ਐਤਵਾਰ ਨੂੰ ਪ੍ਰਸ਼ੰਸਕਾਂ ਨੂੰ ਮਿਲਣ ਦੀ ਪਰੰਪਰਾ ਜਾਰੀ ਰੱਖੀ।