Punjab Infoline

ਪੰਜਾਬੀ

ਰਾਜਪੁਰਾ ਨੇੜੇ ਚੱਲਦੀ ਕਰਮਭੂਮੀ ਐਕਸਪ੍ਰੈੱਸ ਦੇ ਤਿੰਨ ਡੱਬਿਆਂ ਨੂੰ ਲੱਗੀ ਅੱਗ, ਸਾਰੀਆਂ ਸਵਾਰੀਆਂ ਸੁਰੱਖਿਅਤ

06 Nov, 2026 03:43 PM

ਰਾਜਪੁਰਾ ਨੇੜੇ ਚੱਲਦੀ ਕਰਮਭੂਮੀ ਐਕਸਪ੍ਰੈੱਸ ਦੇ ਤਿੰਨ ਡੱਬਿਆਂ ਨੂੰ ਲੱਗੀ ਅੱਗ, ਸਾਰੀਆਂ ਸਵਾਰੀਆਂ ਸੁਰੱਖਿਅਤ

ਰਾਜਪੁਰਾ-ਸਰਹਿੰਦ ਰੇਲਵੇ ਸੈਕਸ਼ਨ ’ਤੇ ਪਿੰਡ ਸਰਾਏ ਬੰਜਾਰਾ ਨੇੜੇ ਅੱਜ ਸਵਾਰੀਆਂ ਨਾਲ ਭਰੀ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਅਚਾਨਕ ਅੱਗ ਲੱਗ ਗਈ। ਰੇਲਵੇ ਸਟਾਫ਼ ਦੀ ਸਮੇਂ ਸਿਰ ਦਿਖਾਈ ਗਈ ਮੁਸਤੈਦੀ ਕਾਰਨ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਰਾਜਪੁਰਾ ਮਨਜੀਤ ਸਿੰਘ, ਐੱਸਐੱਚਓ ਸਦਰ ਕਿਰਪਾਲ ਸਿੰਘ ਮੋਹੀ ਅਤੇ ਪੁਲੀਸ ਦੀਆਂ ਹੋਰ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜਾਂ ਵਿੱਚ ਜੁੱਟ ਗਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਵਾਲੀ ਰੇਲਗੱਡੀ ਕਰਮਭੂਮੀ ਐਕਸਪ੍ਰੈੱਸ ਹੈ, ਜਿਸ ਦਾ ਨੰਬਰ 12507 ਹੈ। ਇਹ ਰੇਲਗੱਡੀ ਨਿਊ ਜਲਪਾਈਗੁੜੀ ਤੋਂ ਚੱਲਦੀ ਹੈ ਅਤੇ ਅੱਜ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਜਾ ਰਹੀ ਸੀ। ਰੇਲਗੱਡੀ ਦਾ ਅੰਬਾਲਾ ਵਿਖੇ ਠਹਿਰਾਅ ਹੈ, ਜਦਕਿ ਰਾਜਪੁਰਾ ਵਿਖੇ ਇਸ ਦਾ ਕੋਈ ਸਟਾਪੇਜ ਨਹੀਂ ਹੈ।

ਅਨਾਊਂਸਮੈਂਟ ਕਰਵਾ ਕੇ ਯਾਤਰੀਆਂ ਨੂੰ ਡੱਬਿਆਂ ਵਿੱਚੋਂ ਕੱਢਿਆ

ਬਸੰਤਪੁਰਾ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਪੁਲੀਸ ਫੋਰਸ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਮੁਤਾਬਕ ਰੇਲਵੇ ਸਟਾਫ਼ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਅਨਾਊਂਸਮੈਂਟ ਕਰਵਾ ਕੇ ਯਾਤਰੀਆਂ ਨੂੰ ਤੁਰੰਤ ਡੱਬਿਆਂ ਵਿੱਚੋਂ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਜਾਨੀ ਹਾਦਸਾ ਟਲ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡੱਬਿਆਂ ਦੇ ਵਿਚਕਾਰ ਬਣੇ ਪੈਂਟਰੀ ਕੋਚ ਵਿੱਚੋਂ ਅੱਗ ਸ਼ੁਰੂ ਹੋਈ ਹੋ ਸਕਦੀ ਹੈ।

ਖ਼ਬਰ ਲਿਖੇ ਜਾਣ ਤੱਕ ਰਾਹਤ ਕਾਰਜ ਜਾਰੀ ਸਨ ਅਤੇ ਰੇਲਵੇ ਤੇ ਪੁਲੀਸ ਅਧਿਕਾਰੀ ਘਟਨਾ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਸਨ।

Latest News