ਅੰਮ੍ਰਿਤਸਰ ਏਅਰਪੋਰਟ ’ਤੇ ਪਾਰਕਿੰਗ ਦੇ ਨਵੇਂ ਰੇਟ ਲਾਗੂ, ਪਿਕ-ਅੱਪ-ਡਰੌਪ ਲੇਨ ’ਚ ਖੜ੍ਹੇ ਵਾਹਨ ’ਤੇ ₹500 ਜੁਰਮਾਨਾ
ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਪਾਰਕਿੰਗ ਦੇ ਨਵੇਂ ਰੇਟ ਲਾਗੂ ਕਰ ਦਿੱਤੇ ਗਏ ਹਨ। ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਕਾਰਪੋਰੇਟ ਹੈੱਡਕੁਆਰਟਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੋਧੀ ਪਾਰਕਿੰਗ ਨੀਤੀ ਅਨੁਸਾਰ ਹੁਣ ਵਾਹਨਾਂ ਤੋਂ ਨਿਰਧਾਰਤ ਦਰਾਂ ਮੁਤਾਬਕ ਫੀਸ ਵਸੂਲੀ ਜਾਵੇਗੀ।
ਨਵੀਂ ਵਿਵਸਥਾ ਤਹਿਤ ਦੋ ਪਹੀਆ ਵਾਹਨਾਂ ਲਈ 30 ਮਿੰਟ ਤੱਕ 20 ਰੁਪਏ, 30 ਤੋਂ 60 ਮਿੰਟ ਲਈ 30 ਰੁਪਏ ਅਤੇ 60 ਤੋਂ 120 ਮਿੰਟ ਲਈ 40 ਰੁਪਏ ਪਾਰਕਿੰਗ ਫੀਸ ਹੋਵੇਗੀ। ਦੋ ਘੰਟਿਆਂ ਤੋਂ ਬਾਅਦ 24 ਘੰਟਿਆਂ ਤੱਕ ਹਰ ਵਾਧੂ ਘੰਟੇ ਲਈ 5 ਰੁਪਏ ਲਏ ਜਾਣਗੇ।
ਇਸੇ ਤਰ੍ਹਾਂ ਨਿੱਜੀ ਕਾਰਾਂ ਲਈ 30 ਮਿੰਟ ਤੱਕ 60 ਰੁਪਏ, 30 ਤੋਂ 60 ਮਿੰਟ ਲਈ 90 ਰੁਪਏ ਅਤੇ 60 ਤੋਂ 120 ਮਿੰਟ ਲਈ 120 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਬਾਅਦ ਹਰ ਵਾਧੂ ਘੰਟੇ ਲਈ 10 ਰੁਪਏ ਅਦਾ ਕਰਨੇ ਪੈਣਗੇ। ਵੱਡੇ ਵਾਹਨਾਂ ਲਈ ਵੀ ਨਿਰਧਾਰਤ ਦਰਾਂ ਅਨੁਸਾਰ ਪਾਰਕਿੰਗ ਚਾਰਜ ਲਾਗੂ ਹੋਣਗੇ।
ਪਿਕ-ਅੱਪ ਅਤੇ ਡਰੌਪ-ਆਫ਼ ਲੇਨ ’ਚ ਪਾਰਕਿੰਗ ਮਨਾਹੀ
ਏਅਰਪੋਰਟ ਪ੍ਰਬੰਧਨ ਨੇ ਸਪੱਸ਼ਟ ਕੀਤਾ ਹੈ ਕਿ ਪਿਕ-ਅੱਪ ਅਤੇ ਡਰੌਪ-ਆਫ਼ ਲੇਨਾਂ ਸਿਰਫ਼ ਯਾਤਰੀਆਂ ਨੂੰ ਉਤਾਰਨ ਅਤੇ ਚੜ੍ਹਾਉਣ ਲਈ ਹਨ। ਇਨ੍ਹਾਂ ਥਾਵਾਂ ’ਤੇ ਵਾਹਨ ਪਾਰਕ ਕਰਨ ਜਾਂ ਉਡੀਕ ਲਈ ਖੜ੍ਹੇ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਨਿਯਮਾਂ ਦੀ ਉਲੰਘਣਾ ਕਰਕੇ ਵਾਹਨ ਖੜ੍ਹਾ ਕਰਨ ਜਾਂ ਬਿਨਾਂ ਨਿਗਰਾਨੀ ਛੱਡਣ ’ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਵਾਹਨ ਹਟਾਉਣ ਦੀ ਕਾਰਵਾਈ ਵੀ ਕੀਤੀ ਜਾਵੇਗੀ।
ਆਟੋਮੇਟਿਡ ਪਾਰਕਿੰਗ ਮੈਨੇਜਮੈਂਟ ਸਿਸਟਮ ਲਾਗੂ
ਏਅਰਪੋਰਟ ’ਤੇ ਪਾਰਕਿੰਗ ਪ੍ਰਬੰਧ ਨੂੰ ਆਧੁਨਿਕ ਬਣਾਉਣ ਲਈ ਆਟੋਮੇਟਿਡ ਵਹੀਕਲ ਪਾਰਕਿੰਗ ਮੈਨੇਜਮੈਂਟ ਸਿਸਟਮ ਵੀ ਲਾਗੂ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਦਾ ਮਕਸਦ ਪਾਰਕਿੰਗ ਪ੍ਰਬੰਧ ਵਿੱਚ ਵਧੇਰੇ ਪਾਰਦਰਸ਼ਤਾ, ਮਿਆਰੀਕਰਨ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਹੈ।
ਇਸ ਦੇ ਨਾਲ ਹੀ ਪਾਰਕਿੰਗ ਦਾ ਨਵਾਂ ਠੇਕਾ ਵੀ ਦੂਜੀ ਕੰਪਨੀ ਨੂੰ ਦਿੱਤਾ ਗਿਆ ਹੈ।
Posted By: Punjab Infoline Bureau