ਟਰਾਈਡੈਂਟ ਗਰੁੱਪ 'ਚ ਰੋਜ਼ਗਾਰ ਲਈ ਕੁੜੀਆਂ ਦੇ ਨਵੇਂ ਬੈਂਚ ਲਈ ਅਰਜ਼ੀਆਂ ਦੀ ਮੰਗ
- ਪੰਜਾਬ
 - 15 Mar,2021
 
  
      ਪਟਿਆਲਾ, 15 ਮਾਰਚ(ਪੀ ਐੱਸ ਗਰੇਵਾਲ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਟਰਾਈਡੈਂਟ ਗਰੁੱਪ ਬਰਨਾਲਾ 'ਚ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 16 ਮਾਰਚ ਨੂੰ ਸਵੇਰੇ 10 ਵਜੇ ਯੋਗ ਅਤੇ ਚਾਹਵਾਨ ਲੜਕੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਪਟਿਆਲਾ ਵਿਖੇ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਜਲਦ ਹੀ ਕੁੜੀਆਂ ਦਾ ਇੱਕ ਹੋਰ ਬੈਚ ਟਰਾਈਡੈਂਟ ਗਰੁੱਪ ਬਰਨਾਲਾ ਲਈ ਸਟੀਚਿੰਗ, ਚੈਕਰ, ਪੈਕਰ ਅਤੇ ਵੇਵਰ ਦੀ ਭਰਤੀ ਲਈ ਭੇਜਿਆ ਜਾਵੇਗਾ। ਚਾਹਵਾਨ ਕੁੜੀਆਂ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਹੈ ਅਤੇ ਯੋਗਤਾ ਦਸਵੀਂ, 10+2 ਹੋਵੇ ਉਹ ਆਪਣੇ ਪੜ੍ਹਾਈ ਦੇ ਸਰਟੀਫਿਕੇਟਾਂ ਦੇ ਨਾਲ ਆਪਣਾ ਆਧਾਰ ਕਾਰਡ, ਪੈਨ ਕਾਰਡ, ਬੈਂਕ ਪਾਸਬੁੱਕ, ਆਪਣੀਆਂ 4 ਪਾਸਪੋਰਟ ਸਾਈਜ਼ ਫੋਟੋਆਂ ਲੈਕੇ ਮਿਤੀ 16 ਮਾਰਚ 2021 ਨੂੰ ਦੁਪਹਿਰ 3:00 ਵਜੇ ਤੱਕ ਆਪਣਾ ਫਾਰਮ ਜ਼ਿਲ੍ਹਾ ਰੋਜ਼ਗਾਰ ਬਿਊਰੋ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਆ ਕੇ ਭਰ ਸਕਦੀਆਂ ਹਨ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਕੁੜੀਆਂ ਨੂੰ ਟਰੇਨਿੰਗ ਦੌਰਾਨ ਮੁਫ਼ਤ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਭਰਤੀ ਹੋਣ ਵਾਲੀਆਂ ਕੁੜੀਆਂ ਨੂੰ ਟਰੇਨਿੰਗ ਦੌਰਾਨ 18 ਹਜ਼ਾਰ ਰੁਪਏ ਦਿੱਤੇ ਜਾਣਗੇ। ਜਿਸ ਵਿਚੋਂ 13,000/- ਰੁਪਏ ਕੈਰੀ ਹੋਮ ਹੋਵੇਗਾ ਅਤੇ ਲਗਭਗ 5 ਹਜ਼ਾਰ ਰੁਪਏ ਪੀ.ਐਫ., ਈ.ਐਸ.ਆਈ., ਹੈਲਥ ਤੇ ਲਾਈਫ ਇੰਸੋਰੈਂਸ ਅਧੀਨ ਕੱਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਲੜਕੀਆਂ ਬਰਨਾਲਾ ਕੰਪਨੀ ਦੇ 30 ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਹਨ, ਉਨ੍ਹਾਂ ਨੂੰ ਟਰੇਨਿੰਗ ਦੌਰਾਨ ਹੋਸਟਲ ਦੀ ਸਹੂਲਤ ਵੀ ਦਿੱਤੀ ਜਾਵੇਗੀ ਅਤੇ ਟਰੇਨਿੰਗ ਲੈਣ ਲਈ ਲੜਕੀਆਂ ਨੂੰ ਸਕਰੀਨਿੰਗ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ।
  
                        
            
                          Posted By:
                    Parminder Pal Singh