ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਅਰਥੀ ਸਾੜ ਮੁਜ਼ਾਹਰੇ
- ਪੰਜਾਬ
- 06 Feb,2020
 
              
  
      ਧੂਰੀ, 6 ਫਰਵਰੀ (ਮਹੇਸ਼ ਜਿੰਦਲ) ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ ਤੇ ਐਨ.ਪੀ.ਆਰ ਦੇ ਵਿਰੋਧ ’ਚ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਗਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੂੰ ਦਿੱਲੀ ਪੁਲਸ ਵੱਲੋਂ ਰੋਕਣ ਦੇ ਵਿਰੋਧ ਵਿਚ ਅੱਜ ਜਥੇਬੰਦੀ ਵੱਲੋਂ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਸਥਾਨਕ ਕੱਕੜਵਾਲ ਚੌਕ ਸਮੇਤ ਵੱਖ-ਵੱਖ ਪਿੰਡਾਂ ’ਚ ਨਾਅਰੇਬਾਜ਼ੀ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲੇ ਸਾੜੇ ਗਏ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਭਾਜਪਾ ਆਗੂ ਰਾਜਧਾਨੀ ਅੰਦਰ ਸ਼ਾਹੀਨ ਬਾਗ ਦੇ ਨਾਂ ‘ਤੇ ਜ਼ਹਿਰੀਲੇ ਭਾਸ਼ਣ ਦੇ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ, ਜਦੋਂ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਆਪਸੀ ਭਾਈਚਾਰੇ ਦੇ ਸੰਦੇਸ਼ ਦਿੰਦਿਆਂ ਨਫ਼ਰਤ  ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਸ਼ਿੰਗਾਰ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਆਰ.ਐੱਸ.ਐੱਸ. ਦੇ ਏਜੰਡੇ ਨੂੰ ਲਾਗੂ ਕਰ ਕੇ ਬੇਰੁਜ਼ਗਾਰੀ, ਮਹਿੰਗਾਈ ਆਰਥਿਕਤਾ ਦੇ ਮੁੱਦੇ ਜਾਣ-ਬੁੱਝ ਕੇ ਪਿੱਛੇ ਸੁੱਟੇ ਜਾ ਰਹੇ ਹਨ।  ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਜੇਕਰ ਅਜੇ ਵੀ ਦਿੱਲੀ ਜਾ ਕੇ ਕਾਫ਼ਲੇ ਨੂੰ ਸ਼ਾਹੀਨ ਬਾਗ਼ ਨਾ ਜਾਣ ਦਿੱਤਾ ਤਾਂ ਭਲਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਵਿੱਤ ਸਕੱਤਰ ਕਿਰਪਾਲ ਸਿੰਘ ਧੂਰੀ, ਰਾਮ ਸਿੰਘ ਕੱਕੜਵਾਲ, ਜਸਪਾਲ ਸਿੰਘ ਪੇਧਨੀ ਕਲਾਂ, ਗੁਰਜੰਟ ਸਿੰਘ ਪੇਧਨੀ ਕਲਾਂ, ਗੁਰਦੇਵ ਸਿੰਘ ਲੱਡਾ, ਸੰਦੀਪ ਸਿੰਘ, ਕਰਨੈਲ ਸਿੰਘ ਧੂਰੀ, ਬਲੌਰ ਸਿੰਘ, ਬਘੇਰਾ ਸਿੰਘ, ਮਹਿੰਦਰ ਸਿੰਘ, ਜਗਦੇਵ ਸਿੰਘ ਭਸੌੜ, ਗੁਰਮੇਲ ਸਿੰਘ, ਨਹਿਰੂ ਸਿੰਘ ਅਤੇ ਬਲਾਕ ਪੈੱ੍ਰਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਵੀ ਹਾਜ਼ਰ ਸਨ।
  
                        
            
                          Posted By:
 MAHESH JINDAL
                    MAHESH JINDAL
                  
                
              