Punjab Infoline

ਪੰਜਾਬੀ

London: ਜਿਨਸੀ ਸ਼ੋਸ਼ਣ ਮਾਮਲੇ ’ਚ ਭਾਰਤੀ ਵਕੀਲ ਵਿਜੇ ਅੱਗਰਵਾਲ ਨੂੰ UK ਅਦਾਲਤ ਤੋਂ ਜ਼ਮਾਨਤ, £5 ਲੱਖ ਦਾ ਬਾਂਡ ਭਰਨਾ ਪਵੇਗਾ

26 Nov, 2026 04:01 PM

London: ਭਾਰਤੀ ਅਪਰਾਧਿਕ ਮਾਮਲਿਆਂ ਦੇ ਵਕੀਲ ਵਿਜੇ ਅੱਗਰਵਾਲ ਨੂੰ ਯੂਨਾਈਟਿਡ ਕਿੰਗਡਮ (UK) ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਹ ਲੰਡਨ ਵਿੱਚ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿੱਚ ਮੁਕੱਦਮੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੀ ਸਹਿ-ਮੁਲਜ਼ਮ ਅਤੇ ਸਹਾਇਕ ਮਨਪ੍ਰੀਤ ਕੌਰ ਨੂੰ ਵੀ ਬੁੱਧਵਾਰ ਨੂੰ ਜ਼ਮਾਨਤ ਮਿਲ ਗਈ।

ਸਾਊਥਵਾਰਕ ਕਰਾਊਨ ਕੋਰਟ ਦੇ ਜੱਜ ਡੇਵਿਡ ਟੌਮਲਿੰਸਨ ਨੇ ਅੱਗਰਵਾਲ ਨੂੰ 5,00,000 ਪੌਂਡ ਦੇ ਬਾਂਡ ’ਤੇ ਜ਼ਮਾਨਤ ਦਿੱਤੀ, ਜਦਕਿ ਮਨਪ੍ਰੀਤ ਕੌਰ ਨੂੰ ਵੱਖਰੇ ਬਾਂਡ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ। ਜ਼ਮਾਨਤ ਦੀਆਂ ਸ਼ਰਤਾਂ ਅਨੁਸਾਰ ਦੋਵੇਂ ਹਿਰਾਸਤ ਤੋਂ ਬਾਹਰ ਰਹਿ ਸਕਦੇ ਹਨ, ਪਰ ਉਨ੍ਹਾਂ ਨੂੰ ਯੂਨਾਈਟਿਡ ਕਿੰਗਡਮ ਛੱਡਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਅੱਗਰਵਾਲ ਦੀ ਇਲੈਕਟ੍ਰਾਨਿਕ ਨਿਗਰਾਨੀ ਵੀ ਕੀਤੀ ਜਾਵੇਗੀ।

ਅੱਗਰਵਾਲ ਮਨਪ੍ਰੀਤ ਕੌਰ ਨਾਲ ਅਦਾਲਤ ਵਿੱਚ ਪੇਸ਼ ਹੋਏ। ਸੁਣਵਾਈ ਦੌਰਾਨ ਉਨ੍ਹਾਂ ਦੀ ਪਤਨੀ, ਧੀ ਅਤੇ ਜਵਾਈ ਵੀ ਮੌਜੂਦ ਸਨ। ਇਹ ਹੁਕਮ ਮਾਮਲੇ ਦੀ ਕਾਰਵਾਈ ਵਿੱਚ ਅਹਿਮ ਪੇਸ਼ਕਦਮੀ ਹੈ, ਕਿਉਂਕਿ 23 ਸਤੰਬਰ ਨੂੰ ਅਦਾਲਤ ਨੇ ਉਨ੍ਹਾਂ ਦੀ ਪਹਿਲੀ ਜ਼ਮਾਨਤ ਅਰਜ਼ੀ ਇਹ ਖ਼ਦਸ਼ਾ ਜਤਾਉਂਦਿਆਂ ਰੱਦ ਕਰ ਦਿੱਤੀ ਸੀ ਕਿ ਉਹ ਦੇਸ਼ ਛੱਡ ਕੇ ਜਾ ਸਕਦੇ ਹਨ।

11 ਅਗਸਤ ਨੂੰ ਮੇਅਫੇਅਰ ਤੋਂ ਹੋਈ ਸੀ ਗ੍ਰਿਫ਼ਤਾਰੀ

ਅੱਗਰਵਾਲ ਅਤੇ ਮਨਪ੍ਰੀਤ ਕੌਰ ਨੂੰ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ 11 ਅਗਸਤ ਨੂੰ ਮੇਅਫੇਅਰ ਇਲਾਕੇ ਦੀ ਇੱਕ ਜਾਇਦਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ ਇਸ ਸਾਲ 26 ਮਈ ਅਤੇ 9 ਅਗਸਤ ਨੂੰ ਵਾਪਰੀਆਂ ਕਥਿਤ ਘਟਨਾਵਾਂ ਸਬੰਧੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਸੀ।

ਮੈਟਰੋਪੋਲੀਟਨ ਪੁਲਿਸ ਅਨੁਸਾਰ, ਕਥਿਤ ਜਿਨਸੀ ਸ਼ੋਸ਼ਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਅਧਿਕਾਰੀ ਮੇਅਫੇਅਰ ਦੀ ਬ੍ਰਿਕ ਸਟਰੀਟ (Brick Street) ਸਥਿਤ ਇੱਕ ਜਾਇਦਾਦ ’ਤੇ ਪਹੁੰਚੇ ਸਨ।

ਵਿਜੇ ਅੱਗਰਵਾਲ ਵਿਰੁੱਧ ਬਾਅਦ ਵਿੱਚ ਜਬਰ-ਜ਼ਨਾਹ ਦੇ ਇੱਕ ਅਤੇ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲਿਆਂ ਵਿੱਚ ਦੋਸ਼ ਆਇਦ ਕੀਤੇ ਗਏ। ਮਨਪ੍ਰੀਤ ਕੌਰ ਨੂੰ ਜਾਣਬੁੱਝ ਕੇ ਜਿਨਸੀ ਸ਼ੋਸ਼ਣ ਕਰਨ ਲਈ ਉਕਸਾਉਣ ਜਾਂ ਸਹਾਇਤਾ ਕਰਨ ਦੇ ਦੋ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੋਵਾਂ ਵਿਰੁੱਧ 13 ਅਗਸਤ ਨੂੰ ਦੋਸ਼ ਆਇਦ ਕੀਤੇ ਗਏ ਸਨ ਅਤੇ ਉਸੇ ਦਿਨ ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਬਾਅਦ ਵਿੱਚ ਮਾਮਲੇ ਦੀ ਕਾਰਵਾਈ ਸਾਊਥਵਾਰਕ ਕਰਾਊਨ ਕੋਰਟ ਵਿੱਚ ਸ਼ੁਰੂ ਹੋਈ।

ਜਾਂਚ ਦੌਰਾਨ ਦੋ ਹੋਰ ਵਿਅਕਤੀ ਵੀ ਗ੍ਰਿਫ਼ਤਾਰ

ਪੁਲਿਸ ਨੇ ਇਸ ਜਾਂਚ ਦੇ ਸਬੰਧ ਵਿੱਚ ਦੋ ਹੋਰ ਵਿਅਕਤੀਆਂ, ਇੱਕ 23 ਸਾਲਾ ਵਿਅਕਤੀ ਅਤੇ ਇੱਕ 43 ਸਾਲਾ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਨੂੰ ਬਾਅਦ ਵਿੱਚ ਅਗਲੀ ਪੁੱਛਗਿੱਛ ਤੱਕ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਮੈਟਰੋਪੋਲੀਟਨ ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ ਕਥਿਤ ਘਟਨਾਵਾਂ ਦੀ ਸ਼ਿਕਾਇਤ ਕਰਨ ਵਾਲੀਆਂ ਦੋਵੇਂ ਔਰਤਾਂ ਨੂੰ ਮਾਹਿਰ ਅਧਿਕਾਰੀਆਂ ਵੱਲੋਂ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਵਿਜੇ ਅੱਗਰਵਾਲ ਭਾਰਤ ਦੇ ਪ੍ਰਮੁੱਖ ਅਪਰਾਧਿਕ ਮਾਮਲਿਆਂ ਦੇ ਵਕੀਲਾਂ ਵਿੱਚ ਸ਼ਾਮਲ ਹਨ। ਉਹ ਕਈ ਹਾਈ-ਪ੍ਰੋਫਾਈਲ ਮੁਵੱਕਿਲਾਂ ਦੀ ਪੈਰਵੀ ਕਰ ਚੁੱਕੇ ਹਨ। ਇਨ੍ਹਾਂ ਵਿੱਚ ਬੈਲਜੀਅਮ ਵਿੱਚ ਹਵਾਲਗੀ ਨਾਲ ਸਬੰਧਤ ਕਾਰਵਾਈਆਂ ਦੌਰਾਨ ਭਗੌੜਾ ਕਾਰੋਬਾਰੀ ਮੇਹੁਲ ਚੋਕਸੀ ਵੀ ਸ਼ਾਮਲ ਹੈ।

ਵਿਜੇ ਅੱਗਰਵਾਲ ਅਤੇ ਮਨਪ੍ਰੀਤ ਕੌਰ ਵਿਰੁੱਧ ਲੱਗੇ ਦੋਸ਼ਾਂ ’ਤੇ ਅਦਾਲਤ ਦਾ ਅੰਤਿਮ ਫ਼ੈਸਲਾ ਆਉਣਾ ਅਜੇ ਬਾਕੀ ਹੈ।

Latest News